SP ਨੂੰ ਹਰਾਉਣ ਲਈ ਜੇ BJP ਜਾਂ ਕਿਸੇ ਹੋਰ ਪਾਰਟੀ ਦਾ ਸਾਥ ਦੇਣਾ ਪਿਆ ਤਾਂ ਉਹ ਵੀ ਦੇਵਾਂਗੇ- ਮਾਇਆਵਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਇਆਵਤੀ ਨੇ ਕਿਹਾ ਰਾਜ ਸਭਾ ਚੋਣਾਂ ਦੌਰਾਨ ਸਪਾ ਨੂੰ ਹਰਾਉਣ ਲਈ ਪੂਰੀ ਕੋਸ਼ਿਸ਼ ਕਰਾਂਗੇ

Mayawati

ਨਵੀਂ ਦਿੱਲੀ: ਵੀਰਵਾਰ ਨੂੰ ਬਹੁਜਨ ਸਮਾਜ ਪਾਰਟੀ ਦੀ ਸੁਪ੍ਰੀਮੋ ਮਾਈਆਵਤੀ ਨੇ ਇਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਬਸਪਾ ਨੇ ਫਿਰਕੂ ਤਾਕਤਾਂ ਵਿਰੁੱਧ ਲੜਨ ਲਈ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾਇਆ ਸੀ ਪਰ ਉਸ ਦੇ ਪਰਿਵਾਰਕ ਮਤਭੇਦਾਂ ਕਾਰਨ ਉਹ ਬਸਪਾ ਨਾਲ ਗਠਜੋੜ ਕਰਨ ਦੇ ਬਾਵਜੂਦ ਵੀ ਵਧੇਰੇ ਫਾਇਦਾ ਨਹੀਂ ਚੁੱਕ ਸਕੇ। 

ਮਾਇਆਵਤੀ ਨੇ ਸਪੱਸ਼ਟ ਕਿਹਾ ਕਿ ਰਾਜ ਸਭਾ ਚੋਣਾਂ ਦੌਰਾਨ ਉਹ ਸਪਾ ਉਮੀਦਵਾਰਾਂ ਨੂੰ ਪੂਰੀ ਤਰ੍ਹਾਂ ਹਰਾਉਣ ਦੀ ਕੋਸ਼ਿਸ਼ ਕਰਨਗੇ। ਉਹਨਾਂ ਕਿਹਾ ਕਿ ਉਹ ਸਪਾ ਨੂੰ ਹਰਾਉਣ ਲਈ ਅਪਣੀ ਪੂਰੀ ਤਾਕਤ ਲਗਾਉਣਗੇ। ਮਾਇਆਵਤੀ ਨੇ ਕਿਹਾ ਕਿ ਜੇਕਰ ਸਪਾ ਨੂੰ ਹਰਾਉਣ ਲਈ ਉਹਨਾਂ ਨੂੰ ਭਾਜਪਾ ਜਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਦੇਣੀ ਪਈ ਤਾਂ ਉਹ ਦੇਣਗੇ।

ਇਸ ਤੋਂ ਇਲਾਵਾ ਮਾਇਆਵਤੀ ਨੇ ਰਾਜ ਸਭਾ ਚੋਣਾਂ ਦੌਰਾਨ ਬਗ਼ਾਵਤ ਕਰਨ ਵਾਲੇ 7 ਵਿਧਾਇਕਾਂ ਦੀ ਬਰਖ਼ਾਸਤਗੀ ਦਾ ਐਲਾਨ ਵੀ ਕੀਤਾ ਹੈ। ਉਹਨਾਂ ਕਿਹਾ ਕਿ ਬਾਗੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇਗੀ। ਇਹਨਾਂ ਸੱਤ ਬਾਗੀ ਵਿਧਾਇਕਾ ਵਿਚ ਅਸਲਮ ਰਾਇਨੀ, ਅਸਲਮ ਅਲੀ, ਮੁਜ਼ਤਬਾ ਸਿੱਦਕੀ, ਹਾਕਿਮ ਲਾਲ ਬਿੰਦ, ਹਰਗੋਵਿੰਦ ਭਾਗਰਵ, ਸੁਸ਼ਮਾ ਪਟੇਲ, ਬੰਦਨਾ ਸਿੰਘ ਸ਼ਾਮਲ ਹਨ।

ਮਾਇਆਵਤੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਸਪਾ ਨੇ ਉਹਨਾਂ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ ਸੀ। ਇਸ ਲਈ ਬਸਪਾ ਨੇ ਅਪਣਾ ਰਸਤਾ ਬਦਲ ਲਿਆ।