ਕਾਂਗਰਸ ਵੱਲੋਂ ਟਾਈਟਲਰ ਨੂੰ ਅਹੁਦਾ ਦੇਣ 'ਤੇ ਭੜਕੇ ਮਨਜੀਤ ਜੀਕੇ, ਦਿੱਤਾ ਵੱਡਾ ਬਿਆਨ
ਸੱਜਣ ਕੁਮਾਰ ਤੇ ਟਾਈਟਲਰ ਨਾਲ ਅੱਖ ਮਚੋਲੀ ਖੇਡਦੀ ਰਹੀ ਹੈ ਕਾਂਗਰਸ - ਮਨਜੀਤ ਜੀਕੇ
ਨਵੀਂ ਦਿੱਲੀ - 1984 ਸਿੱਖ ਕਤਲੇਆਮ ਦੇ ਆਰੋਪੀ ਜਗਦੀਸ਼ ਟਾਈਟਲਰ ਨੂੰ ਦਿੱਲੀ ਕਾਂਗਰਸ ਕਮੇਟੀ 'ਚ ਜਗ੍ਹਾ ਦਿੱਤੀ ਗਈ ਹੈ ਜਿਸ 'ਤੇ ਹਰ ਕੋਈ ਅਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਕਾਂਗਰਸ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਹਨਾਂ ਨੇ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਸੱਜਣ ਕੁਮਾਰ ਤੇ ਟਾਈਟਲਰ ਨਾਲ ਅੱਖ ਮਚੋਲੀ ਖੇਡਦੀ ਰਹੀ ਹੈ।
ਉਹਨਾਂ ਕਿਹਾ ਕਿ ਜਿਵੇਂ ਸਿੱਖ ਕੌਮ ਨੇ ਇਹ ਲੜਾਈ ਲੜੀ ਹੈ ਦਿੱਲੀ ਵਿਚ ਤੇ ਮੇਰਾ ਵੀ ਇਸ ਲੜਾਈ ਵਿਚ ਅਹਿਮ ਰੋਲ ਹੈ। ਉਹਨਾਂ ਕਿਹਾ ਕਿ ਜਿਵੇਂ 2009 ਵਿਚ ਸੱਜਣ, ਟਾਈਟਲਰ ਦੀਆਂ ਟਿਕਟਾਂ ਕੱਟੀਆਂ ਗਈਆਂ ਸਨ ਤੇ ਉਸ ਸਮੇਂ ਕਾਂਗਰਸ ਨੂੰ ਮਜ਼ਬੂਰ ਹੋਣਾ ਪਿਆ ਸੀ। ਫਿਰ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਲਈ ਕੀ ਕੁੱਝ ਕਰਨਾ ਪਿਆ ਇਹ ਕੋਈ ਨਹੀਂ ਸੋਚ ਸਕਦਾ। ਉਹਨਾਂ ਕਿਹਾ ਕਿ ਜਗਦੀਸ਼ ਟਾਈਟਲਰ ਬਾਰੇ ਮੈਂ ਇਕ ਸੀਡੀ ਵੀ ਜਾਰੀ ਕੀਤੀ ਸੀ ਜਿਸ ਵਿਚ ਉਹ ਕਹਿ ਰਿਹਾ ਹੈ ਕਿ 'ਮੈਂ ਸੈਕੜੇ ਸਿੱਖਾਂ ਦਾ ਕਤਲ ਕਰਵਾ ਦਿੱਤਾ ਪਰ ਮੇਰਾ ਕੀ ਹੋਇਆ।
ਉਹਨਾਂ ਦੱਸਿਆ ਕਿ ਇਹ ਸੀਡੀ ਜਾਰੀ ਕਰਨ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਤੇ ਇਸ ਸਬੂਤ ਕਰ ਕੇ ਮੇਰੇ 'ਤੇ ਹੀ ਮਾਮਲਾ ਦਰਜ ਹੋਇਆ ਕਿਉਂਕਿ ਟਾਈਟਲਰ ਨੇ ਕਿਹਾ ਕਿ ਮੇਰੇ 'ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਜੇ ਮੈਂ ਝੂਠਾ ਹਾਂ ਤੇ ਸਬੂਤ ਦੇ ਕੇ ਮੈਨੂੰ ਗ੍ਰਿਫ਼ਤਾਰ ਕਰੋ ਨਹੀਂ ਤਾਂ ਜਿਸ ਨੇ ਮੇਰੇ 'ਤੇ ਝੂਠੇ ਇਲਜ਼ਾਮ ਲਗਾਏ ਨੇ ਉਸ ਨੂੰ ਗ੍ਰਿਫ਼ਤਾਰ ਕਰੋ। ਇਹ ਕੇਸ ਅਜੇ ਵੀ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਵੀ ਕਈ ਸਿੱਖ ਕਾਂਗਰਸ ਦੀਆਂ ਗੱਡੀਆਂ 'ਤੇ ਚੜ੍ਹਦੇ ਨੇ ਤੇ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਲੱਗਦਾ ਹੈ ਕਿ ਅੱਜ ਕੱਲ੍ਹ 84 ਦਾ ਕੋਈ ਮਸਲਾ ਨਹੀਂ ਹੈ ਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਕਾਂਗਰਸ ਆਉਣ ਵਾਲੇ ਸਮੇਂ 'ਚ ਇਹਨਾਂ ਕਾਤਲਾਂ ਨੂੰ ਹੋਰ ਵੀ ਵੱਡੇ ਅਹੁਦੇ ਦੇਵੇਗੀ।
ਮਨਜੀਤ ਜੀਕੇ ਨੇ ਕਿਹਾ ਕਿ ਮੈਂ ਇਸ ਖਿਲਾਫ਼ ਤਿੰਨ ਥਾਵਾਂ 'ਤੇ ਕੇਸ ਦਰਜ ਕਰਵਾਏ ਹੋਏ ਨੇ ਤੇ ਜਦੋਂ ਮੋਦੀ ਸਰਕਾਰ ਆਈ ਸੀ, ਉਸ ਸਮੇਂ ਟਾਈਟਲਰ ਨੂੰ ਕਲੀਨ ਚਿੱਟ ਮਿਲੀ ਸੀ ਤੇ ਉਸ ਸਮੇਂ ਅਸੀਂ ਸੀਬੀਆਈ ਅੱਗੇ ਧਰਨਾ ਵੀ ਦਿੱਤਾ ਸੀ। ਜਿਸ ਗੁਰਦੁਆਰਾ ਸਾਹਿਬ ਵਿਚ ਇਹ ਕਤਲ ਹੋਏ ਸਨ ਉਸ ਦੇ ਗ੍ਰੰਥੀ ਨੇ ਪਹਿਲਾਂ ਤਾਂ ਟਾਈਟਲਰ ਖਿਲਾਫ਼ ਬਿਆਨ ਦਿੱਤਾ ਤੇ ਫਿਰ ਜਦੋਂ ਇਹਨਾਂ ਨੇ ਗ੍ਰੰਥੀ ਨੂੰ ਪੈਸੇ ਦਿੱਤੇ ਫਿਰ ਉਹ ਬਿਆਨ ਤੋਂ ਮੁੱਕਰ ਗਿਆ। ਉਹਨਾਂ ਕਿਹਾ ਕਿ ਅਸੀਂ ਸੀਬੀਆਈ ਨੂੰ ਦੱਸਿਆ ਕਿ ਜਦੋਂ ਇਹਨਾਂ ਵੱਲੋਂ ਕਤਲ ਕੀਤੇ ਗਏ ਸਨ ਉਸ ਸਮੇਂ ਉੱਥੋਂ ਦਾ ਜਨਰਲ ਸੈਕਟਰੀ ਬੇਦੀ ਤੇ ਉਹਨਾਂ ਦੀ ਪਤਨੀ ਵੀ ਉੱਥੇ ਮੌਜੂਦ ਸੀ ਪਰ ਸੀਬੀਆਈ ਨੇ ਉਹਨਾਂ ਦੇ ਬਿਆਨ ਹੀ ਨਹੀਂ ਲਏ ਸਨ।
ਉਹਨਾਂ ਕਿਹਾ ਕਿ ਮੇਰੇ ਵੱਲੋਂ ਜੋ ਪਟੀਸ਼ਨਾਂ ਪਾਈਆਂ ਹੋਈਆਂ ਨੇ ਉਹਨਾਂ 'ਤੇ ਅਜੇ ਤੱਕ ਇਕ ਵਾਰ ਵੀ ਚੰਗੀ ਤਰ੍ਹਾਂ ਕਾਰਵਾਈ ਨਹੀਂ ਕੀਤੀ ਜੋ ਕਿ ਮੇਰੀ ਸਮਝ ਤੋਂ ਬਾਹਰ ਹੈ। ਉਹਨਾਂ ਕਿਹਾ ਕਿ ਜੇ ਅਜਿਹੀਆਂ ਘਟਨਾਵਾਂ ਵਿਚ ਇਨਸਾਫ਼ ਵੀ ਲੈਣਾ ਹੋਵੇ ਤਾਂ ਘਟਨਾ ਤੋਂ ਤੁਰੰਤ ਬਾਅਦ ਹੀ ਸਬੂਤ ਇਕੱਠੇ ਕਰ ਲੈਣੇ ਚਾਹੀਦੇ ਹਨ ਤਾਂ ਕਿਤੇ ਜਾ ਕੇ ਇਨਸਾਫ਼ ਮਿਲਦਾ ਹੈ ਤੇ 25 ਸਾਲ ਕਾਂਗਰਸ ਕੋਲ ਰਾਜ ਰਿਹਾ ਪਰ ਉਹਨਾਂ ਨੇ ਕੰਮ ਚੱਲਣ ਨਹੀਂ ਦਿੱਤਾ ਤੇ ਜੇ ਅਸੀਂ ਵੀ ਲੜਦੇ ਹਾਂ ਤਾਂ ਸਾਡੀ ਸੁਣਵਾਈ ਨਹੀਂ ਹੁੰਦੀ, ਉਲਟਾ ਸਾਡੇ 'ਤੇ ਵੀ ਐੱਨਐੱਸਏ ਲਗਾ ਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਅਸੀਂ ਵੀ ਇਹ ਕੇਸ ਛੱਡ ਦਈਏ।