ਪ੍ਰਸ਼ਾਂਤ ਕਿਸ਼ੋਰ ਦੀ ਭਵਿੱਖਬਾਣੀ : ਅਗਲੇ ਕਈ ਦਹਾਕਿਆਂ ਤਕ ਭਾਜਪਾ ਤਾਕਤਵਰ ਬਣੀ ਰਹੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਰਾਹੁਲ ਗਾਂਧੀ ਬਦਲਣ ਅਪਣੀ ਸੋਚ

Prashant Kishor's prediction: The BJP will remain strong for many decades to come

 

ਕੋਲਕਾਤਾ : ਚੋਣ ਰਣਨੀਤਕਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਭਾਰਤੀ ਰਾਜਨੀਤੀ ਦੇ ਕੇਂਦਰ ’ਚ ਰਹੇਗੀ ਅਤੇ ‘ਅਗਲੇ ਕਈ ਦਹਾਕਿਆਂ ਤਕ ਇਹ ਕਿਤੇ ਨਹੀਂ ਜਾਣ ਵਾਲੀ ਤੇ ਉਹ ਤਾਕਤਵਰ ਬਣੀ ਰਹੇਗੀ’’ ਗੋਆ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਜਿੱਤ ਦੀ ਰਣਨੀਤੀ ਤਿਆਰ ਕਰ ਰਹੇ ਕਿਸ਼ੋਰ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਇਸ ਸੋਚ ਲਈ ਉਨ੍ਹਾਂ ’ਤੇ ਵਿਅੰਗ ਕੀਤਾ ਕਿ ਲੋਕ ਭਾਜਪਾ ਨੂੰ ਤਤਕਾਲ ਪੁੱਟ ਸੁਟਣਗੇ। ਇਕ ਵੀਡੀਉ ਵਾਇਰਲ ਹੋਇਆ ਹੈ ਜਿਸ ’ਚ ਕਿਸ਼ੋਰ ਗੋਆ ’ਚ ਇਕ ਨਿਜੀ ਬੈਠਕ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ। 

ਇੰਡੀਅਨ ਪਾਲਿਟੀਕਲ ਐਕਸ਼ਨ ਕੇਮਟੀ’ (ਆਈ-ਪੀਏਸੀ) ਦੇ ਇਕ ਸੀਨੀਅਰ ਆਗੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਵੀਡੀਉ ਬੁਧਵਾਰ ਨੂੰ ਹੋਈ ਇਕ ਨਿਜੀ ਬੈਠਕ ਦਾ ਹੈ। ਕਿਸ਼ੋਰ ਆਈ-ਪੀਏਸੀ ਦੇ ਮੁਖੀ ਹਨ। ਇਸ ਵੀਡੀਉ ’ਚ ਪ੍ਰਸ਼ਾਂਤ ਕਿਸ਼ੋਰ ਇਹ ਕਹਿੰਦੇ ਨਜ਼ਰ ਆ ਰਹੇ ਹਨ, ‘‘ਭਾਰਤੀ ਜਨਤਾ ਪਾਰਟੀ ਭਾਵੇਂ ਜਿੱਤੇ ਜਾਂ ਹਾਰੇ, ਉਹ ਰਾਜਨੀਤੀ ਦੇ ਕੇਂਦਰ ’ਚ ਰਹੇਗੀ, ਜਿਵੇਂ ਕਿ ਪਹਿਲਾਂ 40 ਸਾਲਾਂ ’ਚ ਕਾਂਗਰਸ ਲਈ ਸੀ, ਭਾਜਪਾ ਕਿਤੇ ਨਹੀਂ ਜਾ ਰਹੀ ਹੈ।’’

ਉਨ੍ਹਾਂ ਕਿਹਾ, ‘‘ਭਾਰਤ ਦੇ ਪੱਧਰ ’ਤੇ ਇਕ ਵਾਰ ਤੁਸੀਂ 30 ਫ਼ੀ ਸਦੀ ਤੋਂ ਵੱਧ ਵੋਟ ਹਾਸਲ ਕਰ ਲਏ ਤਾਂ ਫਿਰ ਤੁਸੀਂ ਛੇਤੀ ਕਿਤੇ ਨਹੀਂ ਜਾਣ ਵਾਲੇ। ਇਸ ਲਈ, ਇਸ ਜਾਲ ’ਚ ਕਦੇ ਨਾ ਫਸੋ ਕਿ ਲੋਕ ਮੋਦੀ ਤੋਂ ਨਾਰਾਜ਼ ਹਨ ਅਤੇ ਉਹ ਉਨ੍ਹਾਂ ਨੂੰ ਪੁੱਟ ਸੁਟਣਗੇ। ਪ੍ਰਸ਼ਾਤ ਕਿਸ਼ੋਰ ਨੇ ਕਿਹਾ, ‘‘ਹੋ ਸਕਦਾ ਹੈ ਕਿ ਉਹ ਮੋਦੀ ਨੂੰ ਹਟਾ ਦੇਣ, ਪਰ ਭਾਜਪਾ ਕਿਤੇ ਨਹੀਂ ਜਾ ਰਹੀ। ਉਹ ਇਥੇ ਹੀ ਰਹੇਗੀ, ਤੁਹਾਨੂੰ ਕਈ ਦਹਾਕਿਆਂ ਤਕ ਇਸ ਲਈ ਲੜਨਾ ਪਵੇਗਾ। ਇਹ ਜਲਦੀ ਨਹੀਂ ਹੋਵੇਗਾ।’’  ਚੋਣ ਰਣਨੀਤਕਕਾਰ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਰਾਹੁਲ ਗਾਂਧੀ ਨਾਲ ਇਹ ਹੀ ਸਮੱਸਿਆ ਹੈ। ਸ਼ਾਇਦ ਉਹ ਸੋਚਦੇ ਹਨ ਕਿ ਇਹ ਕੁੱਝ ਹੀ ਦਿਨਾਂ ਦੀ ਗੱਲ ਹੈ ਕਿ ਲੋਕ ਮੋਦੀ ਨੂੰ ਨਕਾਰ ਦੇਣਗੇ। ਅਜਿਹਾ ਨਹੀਂ ਹੋਣ ਜਾ ਰਿਹਾ ਹੈ।