ਕਰਨਾਲ 'ਚ ਲਗਾਇਆ ਗਿਆ ਵਿਲੱਖਣ ਖੂਨਦਾਨ ਕੈਂਪ, ਖੂਨਦਾਨ ਕਰਨ ਵਾਲੀਆਂ ਸਨ ਸਾਰੀਆਂ ਔਰਤਾਂ ਅਤੇ ਲੜਕੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੂਨਦਾਨ ਕਰਨ ਵਾਲੀ ਹਰ ਲੜਕੀ ਅਤੇ ਔਰਤ ਨੂੰ ਰਕਤ ਵੀਰਾਂਗਣਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ

photo

 

ਕਰਨਾਲ: ਕਰਨਾਲ ਵਿੱਚ ਅੱਜ ਇੱਕ ਵਿਲੱਖਣ ਖੂਨਦਾਨ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਖੂਨਦਾਨ ਕਰਨ ਵਾਲੀਆਂ ਸਾਰੀਆਂ ਔਰਤਾਂ ਅਤੇ ਲੜਕੀਆਂ ਹੀ ਸਨ। ਨੈਸ਼ਨਲ ਇੰਟੈਗਰੇਟਿਡ ਫੋਰਮ ਆਫ ਆਰਟਿਸਟ ਐਂਡ ਐਕਟੀਵਿਸਟ (ਨਿਫਾ) ਵੱਲੋਂ ਕੁਮਾਰੀ ਵਿਦਿਆਵਤੀ ਡੀਏਵੀ ਮਹਿਲਾ ਮਹਾਵਿਦਿਆਲਿਆ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਬ੍ਰਹਮਾ ਕੁਮਾਰੀ ਪ੍ਰੇਮ ਬਹਿਨ ਨੇ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਕੇ.ਵੀ.ਏ.ਡੀ.ਏ.ਵੀ ਮਹਿਲਾ ਮਹਾਵਿਦਿਆਲਿਆ ਦੇ ਪ੍ਰਿੰਸੀਪਲ ਡਾ. ਸੰਤੋਸ਼ ਬੀਸਲਾ, ਡਾ.ਗਣੇਸ਼ ਦਾਸ ਮਹਿਲਾ ਬੀ.ਐਡ.ਕਾਲਜ ਦੇ ਪਿ੍ੰਸੀਪਲ ਡਾ.ਰਾਕੇਸ਼ ਸੰਧੂ, ਪ੍ਰਸਿੱਧ ਗਾਇਨੀਕੋਲੋਜਿਸਟ ਡਾ. ਪ੍ਰਭਜੋਤ ਕੌਰ, ਡਾ. ਲਾਜਪਤ ਰਾਏ ਚੌਧਰੀ ਹਾਜ਼ਰ ਸਨ| NIFA ਦੇ ਸਰਪ੍ਰਸਤ ਸਤਿੰਦਰ ਮੋਹਨ ਕੁਮਾਰ ਅਤੇ ਜੇ.ਆਰ. ਕਾਲਡਾ ਨੂੰ ਬੈਜ ਲਗਾ ਕੇ ਅਤੇ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਉਦਘਾਟਨ ਮੌਕੇ ਸ਼ਹਿਰ ਦੇ ਕਈ ਲੋਕ ਹਾਜ਼ਰ ਸਨ, ਜਿਨ੍ਹਾਂ ਵਿੱਚ ਆਰ.ਟੀ.ਆਈ. ਕਾਰਕੁਨ ਐਡਵੋਕੇਟ ਰਾਜੇਸ਼ ਸ਼ਰਮਾ, ਕਿਸਾਨ ਆਗੂ ਰਜਿੰਦਰ ਆਰੀਆ, ਨਿਫਾ ਲਾਈਫ ਮੈਂਬਰ ਸਤਿੰਦਰ ਕੁਮਾਰ ਆਦਿ ਹਾਜ਼ਰ ਸਨ। ਕੈਂਪ ਵਿੱਚ ਕੁੱਲ 33 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ ਜਿਨ੍ਹਾਂ ਨੂੰ ਰਕਤ ਵੀਰਾਂਗਣਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਖੂਨਦਾਨ ਕੈਂਪ ਵਿੱਚ ਡਾਕਟਰ ਗਣੇਸ਼ ਦਾਸ ਮਹਿਲਾ ਬੀ.ਐੱਡ ਕਾਲਜ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।

ਅੱਜ ਦੇ ਕੈਂਪ ਵਿੱਚ ਖੂਨਦਾਨ ਕਰਨ ਵਾਲੀ ਹਰ ਲੜਕੀ ਅਤੇ ਔਰਤ ਨੂੰ ਰਕਤ ਵੀਰਾਂਗਣਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਨਿਫਾ ਵੱਲੋਂ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਅੰਮ੍ਰਿਤ ਮਹਾਤਸਵ ਤਹਿਤ ਲਗਾਏ ਜਾ ਰਹੇ ਅੱਜ ਦੇ ਵਿਸ਼ੇਸ਼ ਖੂਨਦਾਨ ਕੈਂਪ ਦੇ ਮੁੱਖ ਮਹਿਮਾਨ ਅਤੇ ਸੈਕਟਰ 7 ਬ੍ਰਹਮਾ ਕੁਮਾਰੀ ਸੈਂਟਰ ਦੇ ਇੰਚਾਰਜ ਬੀ.ਕੇ ਪ੍ਰੇਮ ਨੇ ਕਿਹਾ ਕਿ ਸਾਨੂੰ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ। 

ਇਸ ਮੌਕੇ ਔਰਤਾਂ ਦੀ ਸਿਹਤ ਸਬੰਧੀ ਇਕ ਵਿਸ਼ੇਸ਼ ਸੈਮੀਨਾਰ ਵੀ ਕਰਵਾਇਆ ਗਿਆ, ਜਿਸ ਵਿਚ ਮੁੱਖ ਬੁਲਾਰੇ ਵਜੋਂ ਕਰਨਾਲ ਦੇ ਪ੍ਰਸਿੱਧ ਗਾਇਨੀਕੋਲੋਜਿਸਟ ਡਾ. ਪ੍ਰਬਜੋਤ ਕੌਰ ਅਤੇ ਕਰਨਾਲ ਸਿਵਲ ਹਸਪਤਾਲ ਬਲੱਡ ਬੈਂਕ ਦੇ ਇੰਚਾਰਜ ਡਾ. ਸੰਜੇ ਵਰਮਾ ਨੇ ਇਸ ਸਬੰਧੀ ਜਾਗਰੂਕ ਕੀਤਾ |  ਇਸ ਮੌਕੇ ਨਿਫਾ ਦੇ ਸੰਸਥਾਪਕ ਪ੍ਰਧਾਨ ਪ੍ਰੀਤਪਾਲ ਸਿੰਘ ਪੰਨੂ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਭਾਰਤ ਦੁਨੀਆ ਦੇ ਉਨ੍ਹਾਂ 13 ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ ਔਰਤਾਂ ਵਿੱਚ ਖੂਨਦਾਨ ਪ੍ਰਤੀ ਜਾਗਰੂਕਤਾ ਦੀ ਘਾਟ ਕਾਰਨ ਉਨ੍ਹਾਂ ਦਾ ਯੋਗਦਾਨ 10 ਫੀਸਦੀ ਹੈ।

ਇਸ ਰਿਪੋਰਟ ਅਨੁਸਾਰ ਭਾਰਤ ਦੇ ਕੁੱਲ ਖੂਨਦਾਨ ਵਿੱਚ ਔਰਤਾਂ ਦੀ ਹਿੱਸੇਦਾਰੀ ਸਿਰਫ 6 ਫੀਸਦੀ ਹੈ, ਜਦੋਂ ਕਿ ਆਸਟ੍ਰੇਲੀਆ, ਐਸਟੋਨੀਆ, ਅਜ਼ਰਬਾਈਜਾਨ, ਜਾਰਜੀਆ, ਮੰਗੋਲੀਆ, ਨਿਊਜ਼ੀਲੈਂਡ, ਪੁਰਤਗਾਲ, ਅਮਰੀਕਾ, ਸਾਵਾਜ਼ੀਲੈਂਡ, ਬੈਂਕਾਕ ਆਦਿ ਦੇਸ਼ਾਂ ਵਿੱਚ ਇਹ 40 ਫੀਸਦੀ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਇੱਕ ਵੱਡਾ ਕਾਰਨ ਭਾਰਤ ਵਿੱਚ ਔਰਤਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਦੀ ਕਮੀ ਹੈ। ਪੂਰੇ ਪਰਿਵਾਰ ਦੀ ਦੇਖ-ਭਾਲ ਕਰਨ ਵਾਲੀ ਔਰਤ ਆਪਣੀ ਸਿਹਤ ਪ੍ਰਤੀ ਸੁਚੇਤ ਨਹੀਂ ਹੁੰਦੀ ਅਤੇ ਪਰਿਵਾਰ ਦੇ ਮਰਦ ਮੈਂਬਰ ਵੀ ਇਸ ਵੱਲ ਧਿਆਨ ਨਹੀਂ ਦਿੰਦੇ। ਜ਼ਿਆਦਾਤਰ ਔਰਤਾਂ ਅਨੀਮੀਆ ਵਾਲੀਆਂ ਪਾਈਆਂ ਜਾਂਦੀਆਂ ਹਨ। ਖੂਨਦਾਨ ਪ੍ਰਤੀ ਔਰਤਾਂ ਵਿੱਚ ਜਾਗਰੂਕਤਾ ਦੀ ਕਮੀ ਵੀ ਇਸ ਦਾ ਵੱਡਾ ਕਾਰਨ ਹੈ।