ਨੌਜਵਾਨ ਦਾ ਕਤਲ ਕਰ ਕੇ ਜ਼ਮੀਨ 'ਚ ਦੱਬ ਦਿੱਤੀ ਲਾਸ਼, 3 ਗ੍ਰਿਫ਼ਤਾਰ ਤੇ ਲਾਸ਼ ਬਰਾਮਦ
ਪ੍ਰੇਮ ਸੰਬੰਧਾਂ ਕਰਕੇ ਹੋਇਆ ਨੌਜਵਾਨ ਦਾ ਕਤਲ
ਰਾਏਪੁਰ - ਛੱਤੀਸਗੜ੍ਹ ਦੇ ਰਾਏਪੁਰ ਜ਼ਿਲ੍ਹੇ ਵਿੱਚ ਪੁਲਿਸ ਨੇ ਕਾਂਗਰਸੀ ਕੌਂਸਲਰ ਦੇ ਭਤੀਜੇ ਦੇ ਕਤਲ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਅਧਿਕਾਰੀਆਂ ਮੁਤਾਬਿਕ ਮੁਲਜ਼ਮਾਂ ਨੇ 25 ਸਤੰਬਰ ਨੂੰ ਕੌਂਸਲਰ ਦੇ ਭਤੀਜੇ ਦਾ ਕਥਿਤ ਤੌਰ 'ਤੇ ਕਤਲ ਕਰਕੇ ਲਾਸ਼ ਜ਼ਮੀਨ ਵਿੱਚ ਦੱਬ ਦਿੱਤੀ ਸੀ।ਉਨ੍ਹਾਂ ਦੱਸਿਆ ਕਿ ਪੁਲਿਸ ਨੇ ਬੀਰਗਾਓਂ ਨਗਰ ਨਿਗਮ ਦੇ ਕਾਂਗਰਸ ਪਾਰਟੀ ਦੇ ਕੌਂਸਲਰ ਇਕਰਾਮ ਅਹਿਮਦ ਦੇ ਭਤੀਜੇ ਵਹਾਜੂਦੀਨ ਉਰਫ਼ ਬਾਬੂ (23) ਦੇ ਕਤਲ ਮਾਮਲੇ 'ਚ ਇਸੇ ਹੀ ਪਿੰਡ ਦੇ ਕਰੀਮ ਖ਼ਾਨ (53), ਫ਼ਿਰੋਜ਼ ਖ਼ਾਨ (22) ਅਤੇ ਵਿਸ਼ਵਨਾਥ ਉਰਫ਼ ਵਿਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਸ਼ਹਿਰ ਦੇ ਖਮਤਰਾਈ ਥਾਣਾ ਖੇਤਰ ਅਧੀਨ ਪੈਂਦੇ ਡਬਲਿਊ.ਆਰ.ਐਸ. ਕਲੋਨੀ ਇਲਾਕੇ ਵਿੱਚ ਵਹਾਜੂਦੀਨ ਦਾ ਕਤਲ ਕਰ ਕੇ ਲਾਸ਼ ਜ਼ਮੀਨ 'ਚ ਗੱਡ ਦਿੱਤੀ ਸੀ। ਪੁਲਿਸ ਨੇ ਸ਼ੁੱਕਰਵਾਰ ਨੂੰ ਲਾਸ਼ ਬਰਾਮਦ ਕਰ ਲਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਬਾਬੂ ਦੇ ਕਰੀਮ ਦੀ ਬੇਟੀ ਨਾਲ ਪ੍ਰੇਮ ਸਬੰਧ ਸਨ। ਉਨ੍ਹਾਂ ਕਿਹਾ ਕਿ ਗੁੱਸੇ 'ਚ ਆਏ ਕਰੀਮ ਨੇ ਹੋਰਾਂ ਨਾਲ ਮਿਲ ਕੇ ਬਾਬੂ ਦਾ ਕਤਲ ਕਰ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਬਾਬੂ ਦੇ 25 ਸਤੰਬਰ ਨੂੰ ਲਾਪਤਾ ਹੋਣ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਉਰਲਾ ਥਾਣੇ 'ਚ ਮਾਮਲਾ ਦਰਜ ਕਰਵਾਇਆ ਸੀ, ਉਦੋਂ ਤੋਂ ਹੀ ਬਾਬੂ ਦੀ ਭਾਲ ਜਾਰੀ ਸੀ।ਦੱਸਿਆ ਗਿਆ ਹੈ ਕਿ ਮਾਮਲੇ ਦੀ ਜਾਂਚ ਦੌਰਾਨ ਪੁਲੀਸ ਨੇ ਕਰੀਮ ਖ਼ਾਨ, ਫ਼ਿਰੋਜ਼ ਖ਼ਾਨ ਅਤੇ ਵਿਸ਼ਵਨਾਥ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਤਿੰਨਾਂ ਨੇ ਬਾਬੂ ਦਾ ਕਤਲ ਕਰਨ ਅਤੇ ਲਾਸ਼ ਜ਼ਮੀਨ 'ਚ ਦੱਬਣ ਦਾ ਗੁਨਾਹ ਕਬੂਲ ਕਰ ਲਿਆ।