Census: ਨਵੇਂ ਸਾਲ ਵਿਚ ਮਰਦਮਸ਼ੁਮਾਰੀ ਦਾ ਕੰਮ ਸ਼ੁਰੂ ਹੋਣ ਦੀ ਸੰਭਾਵਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

Census: ਜਾਤੀ ਗਣਨਾ ਬਾਰੇ ਅਜੇ ਕੋਈ ਫ਼ੈਸਲਾ ਨਹੀਂ

Census work is likely to start in the new year

 

Census: ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਬਹੁਤ ਦੇਰੀ ਤੋਂ ਬਾਅਦ ਦਹਾਕੇ ਦੀ ਮਰਦਮਸ਼ੁਮਾਰੀ ਅਤੇ ਕੌਮੀ ਜਨਸੰਖਿਆ ਰਜਿਸਟਰ (ਐਨ.ਪੀ.ਆਰ.) ਨੂੰ ਅਪਡੇਟ ਕਰਨ ਦੀ ਪ੍ਰਕਿਰਿਆ 2025 ਦੇ ਸ਼ੁਰੂਆਤੀ ਮਹੀਨਿਆਂ ’ਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੇ ਅੰਕੜੇ 2026 ਤਕ ਜਾਰੀ ਕੀਤੇ ਜਾਣਗੇ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿਤੀ।

ਇਸ ਅਭਿਆਸ ਤੋਂ ਬਾਅਦ, ਭਵਿੱਖ ਦਾ ਮਰਦਮਸ਼ੁਮਾਰੀ ਚੱਕਰ ਪੂਰੀ ਤਰ੍ਹਾਂ ਬਦਲ ਜਾਵੇਗਾ। ਹਾਲਾਂਕਿ, ਅਜੇ ਤਕ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਕਿ ਜਾਤ ਅਧਾਰਤ ਮਰਦਮਸ਼ੁਮਾਰੀ ਆਮ ਮਰਦਮਸ਼ੁਮਾਰੀ ਦੇ ਨਾਲ-ਨਾਲ ਕੀਤੀ ਜਾਵੇਗੀ ਜਾਂ ਨਹੀਂ। ਦੇਸ਼ ’ਚ 1951 ਤੋਂ ਹਰ 10 ਸਾਲ ਬਾਅਦ ਮਰਦਮਸ਼ੁਮਾਰੀ ਕੀਤੀ ਜਾਂਦੀ ਹੈ ਪਰ ਕੋਵਿਡ-19 ਮਹਾਮਾਰੀ ਕਾਰਨ 2021 ’ਚ ਮਰਦਮਸ਼ੁਮਾਰੀ ਦਾ ਕੰਮ ਨਹੀਂ ਹੋ ਸਕਿਆ। ਇਸ ਦੇ ਅਗਲੇ ਪ੍ਰੋਗਰਾਮ ਬਾਰੇ ਅਜੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। 

ਸੂਤਰਾਂ ਨੇ ਕਿਹਾ, ‘‘ਪੂਰੀ ਸੰਭਾਵਨਾ ਹੈ ਕਿ ਮਰਦਮਸ਼ੁਮਾਰੀ ਅਤੇ ਐਨ.ਪੀ.ਆਰ. ਦਾ ਕੰਮ ਅਗਲੇ ਸਾਲ ਦੇ ਸ਼ੁਰੂ ’ਚ ਸ਼ੁਰੂ ਹੋ ਜਾਵੇਗਾ ਅਤੇ ਆਬਾਦੀ ਦੇ ਅੰਕੜੇ 2026 ਤਕ ਐਲਾਨ ਕੀਤੇ ਜਾਣਗੇ। ਇਸ ਦੇ ਨਾਲ ਹੀ ਮਰਦਮਸ਼ੁਮਾਰੀ ਚੱਕਰ ’ਚ ਵੀ ਬਦਲਾਅ ਹੋਣ ਦੀ ਸੰਭਾਵਨਾ ਹੈ। ਇਸ ਲਈ ਇਹ ਚੱਕਰ ਹੁਣ 2025-2035 ਅਤੇ ਫਿਰ 2035-2045 ਹੋਵੇਗਾ ਅਤੇ ਭਵਿੱਖ ’ਚ ਵੀ ਇਸੇ ਤਰ੍ਹਾਂ ਜਾਰੀ ਰਹੇਗਾ।’’ ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਦੇ ਦਫਤਰ ਨੇ ਮਰਦਮਸ਼ੁਮਾਰੀ ਦੌਰਾਨ ਨਾਗਰਿਕਾਂ ਤੋਂ ਪੁੱਛੇ ਜਾਣ ਵਾਲੇ 31 ਪ੍ਰਸ਼ਨ ਤਿਆਰ ਕੀਤੇ ਸਨ। ਇਨ੍ਹਾਂ ਸਵਾਲਾਂ ’ਚ ਇਹ ਵੀ ਸ਼ਾਮਲ ਹੈ ਕਿ ਕੀ ਪਰਵਾਰ ਦਾ ਮੁਖੀ ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਕਬੀਲੇ ਨਾਲ ਸਬੰਧਤ ਹੈ ਅਤੇ ਕੀ ਪਰਵਾਰ ਦੇ ਹੋਰ ਮੈਂਬਰ ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਕਬੀਲੇ ਨਾਲ ਸਬੰਧਤ ਹਨ, ਜਿਵੇਂ ਕਿ ਪਿਛਲੀ ਮਰਦਮਸ਼ੁਮਾਰੀ ’ਚ ਪੁਛਿਆ ਗਿਆ ਸੀ।