ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਜਨਮ, ਮੌਤ ਰਜਿਸਟ੍ਰੇਸ਼ਨ ਲਈ ਮੋਬਾਈਲ ਐਪ ਕੀਤੀ ਲਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਪ ਨਾਲ ਹੁਣ ਨਾਗਰਿਕ ਬੜੀ ਆਸਾਨੀ ਨਾਲ ਕਰਵਾ ਸਕਣਗੇ ਰਜਿਸਟ੍ਰੇਸ਼ਨ

Union Minister Amit Shah launched a mobile app for birth, death registration

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਜਨਮ ਅਤੇ ਮੌਤ ਦੀ ਨਿਰਵਿਘਨ ਅਤੇ ਪ੍ਰੇਸ਼ਾਨੀ ਮੁਕਤ ਰਜਿਸਟ੍ਰੇਸ਼ਨ ਲਈ ਇਕ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ।

ਭਾਰਤ ਦੇ ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਵਲੋਂ ਵਿਕਸਿਤ ਸਿਟੀਜ਼ਨ ਰਜਿਸਟ੍ਰੇਸ਼ਨ ਸਿਸਟਮ (ਸੀ.ਆਰ.ਐਸ.) ਮੋਬਾਈਲ ਐਪ ਤੋਂ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਲਈ ਲੱਗਣ ਵਾਲੇ ਸਮੇਂ ’ਚ ਮਹੱਤਵਪੂਰਨ ਕਮੀ ਆਉਣ ਦੀ ਉਮੀਦ ਹੈ।

ਸ਼ਾਹ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ‘ਡਿਜੀਟਲ ਇੰਡੀਆ ਵਿਜ਼ਨ’ ਤਹਿਤ ਅੱਜ ਪ੍ਰਸ਼ਾਸਨ ਨਾਲ ਤਕਨਾਲੋਜੀ ਨੂੰ ਜੋੜਨ ਲਈ ਸਿਵਲ ਰਜਿਸਟ੍ਰੇਸ਼ਨ ਸਿਸਟਮ ਮੋਬਾਈਲ ਐਪ ਲਾਂਚ ਕੀਤੀ ਗਈ। ਇਹ ਐਪ ਨਾਗਰਿਕਾਂ ਨੂੰ ਕਿਸੇ ਵੀ ਸਮੇਂ, ਕਿਸੇ ਵੀ ਸਥਾਨ ਤੋਂ ਅਤੇ ਅਪਣੇ ਰਾਜ ਦੀ ਅਧਿਕਾਰਤ ਭਾਸ਼ਾ ’ਚ ਰਜਿਸਟਰ ਕਰਨ ਦੀ ਇਜਾਜ਼ਤ ਦੇ ਕੇ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਨੂੰ ਨਿਰਵਿਘਨ ਅਤੇ ਪਰੇਸ਼ਾਨੀ ਮੁਕਤ ਬਣਾਏਗੀ।’’

ਕੇਂਦਰੀ ਮੰਤਰੀ ਨੇ ਇੱਥੇ ਭਾਰਤ ਦੇ ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਦੇ ਦਫ਼ਤਰ ਵਿਖੇ ਸਰਦਾਰ ਵਲਭ ਭਾਈ ਪਟੇਲ ਦੀ ਮੂਰਤੀ ਦਾ ਵੀ ਉਦਘਾਟਨ ਕੀਤਾ।

ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਦੀ ਜਯੰਤੀ ਤੋਂ ਦੋ ਦਿਨ ਪਹਿਲਾਂ ਸ਼ਾਹ ਨੇ ਪਟੇਲ ਦੀ ਮੂਰਤੀ ਦਾ ਉਦਘਾਟਨ ਕੀਤਾ ਅਤੇ ਜਨਮ ਅਤੇ ਮੌਤ ਦੇ ਰਜਿਸਟ੍ਰੇਸ਼ਨ ਲਈ ਇਕ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ।