ਕਿਸਾਨਾਂ ਵਲੋਂ ਦਿੱਲੀ ਦੀ ਘੇਰਾਬੰਦੀ ਦਾ ਐਲਾਨ, ਦਿੱਲੀ ਦਾ ਬਾਕੀ ਦੇਸ਼ ਨਾਲੋਂ ਸੰਪਰਕ ਟੁੱਟਣ ਦੇ ਆਸਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਮੁਤਾਬਕ ਉਹ ਦਿੱਲੀ ਨੂੰ ਘੇਰਨ ਆਏ ਹਨ ਦਿੱਲੀ ’ਚ ਘਿਰਣ ਨਹੀਂ

Pm Narinder Modi and Amit Shah

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦੀਆਂ ਬਰੂਹਾਂ ’ਤੇ ਡੇਰਾ ਲਾਈ ਬੈਠੇ ਕਿਸਾਨਾਂ ਨੇ ਦਿੱਲੀ ਦੀ ਘੇਰਾਬੰਦੀ ਦਾ ਐਲਾਨ ਕਰ ਦਿਤਾ ਹੈ। ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਦੇ ਸਿੰਘੂ ਤੇ ਟਿੱਕਰੀ ਸੀਮਾ ’ਤੇ ਪੰਜਾਬ ਹਰਿਆਣਾ ਤੋਂ ਗਏ ਵੱਡੀ ਗਿਣਤੀ ਕਿਸਾਨ ਡੇਰਾ ਜਮਾਈ ਬੈਠੇ ਹਨ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਯੂਪੀ ਦੀ ਸਰਹੱਦ ’ਤੇ ਪਹੁੰਚੇ। ਸ਼ਨੀਵਾਰ ਤੋਂ ਇਲਾਵਾ ਅੱਜ ਵੀ ਪੰਜਾਬ, ਹਰਿਆਣਾ ਤੇ ਯੂਪੀ ਤੋਂ ਕਿਸਾਨਾਂ ਦਾ ਦਿੱਲੀ ਵੱਲ ਆਉਣਾ ਜਾਰੀ ਰਿਹਾ। ਇਸ ਵੇਲੇ ਲੱਖਾਂ ਕਿਸਾਨ ਦੀਆਂ ਦੀਆਂ ਸਰਹੱਦਾਂ ’ਤੇ ਇਕੱਠੇ ਹੋ ਚੁੱਕੇ ਹਨ। 

ਇੱਥੇ ਹੀ ਅੱਜ ਕਿਸਾਨ ਆਗੂਆਂ ਦੀ ਹੋਈ ਮੀਟਿੰਗ ਦੌਰਾਨ ਕਈ ਅਹਿਮ ਫ਼ੈਸਲੇ ਕੀਤੇ ਗਏ। ਕਿਸਾਨ ਜਥੇਬੰਦੀਆਂ ਨੇ ਦਿੱਲੀ ਨੂੰ ਚਾਰੇ ਪਾਸਿਉਂ ਸੀਲ ਕਰਨ ਦਾ ਐਲਾਨ ਕਰ ਦਿਤਾ ਹੈ। ਕਿਸਾਨ ਜਥੇਬੰਦੀਆਂ ਨੇ ਸਰਕਾਰ ਸਾਹਮਣੇ ਅਪਣੀਆਂ ਅੱਠ ਮੰਗਾਂ ਰੱਖੀਆਂ ਹਨ। ਕਿਸਾਨ ਨੇ ਬੁਰਾੜੀ ਮੈਦਾਨ ’ਚ ਇਕੱਠੇ ਹੋਣ ਤੋਂ ਇਨਕਾਰ ਕਰਦਿਆਂ ਸਰਕਾਰ ਨੂੰ ਦੋ-ਟੁਕ ਸ਼ਬਦਾਂ ਵਿਚ ਖੇਤੀ ਕਾਨੂੰਨ ਵਾਪਸ ਲੈਣ ਤੋਂ ਇਲਾਵਾ ਕਿਸਾਨਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਕਿਹਾ ਹੈ।  ਬੁਰਾੜੀ ਜਾਣ ਦੀ ਮੰਗ ਠੁਕਰਾਉਂਦਿਆਂ ਕਿਸਾਨਾਂ ਨੇ ਕਿਹਾ ਕਿ ਉਹ ਦਿੱਲੀ ਘੇਰਨ ਆਏ ਹਨ ਖੁਦ ਘਿਰਨ ਨਹੀਂ ਆਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਕੱਲ੍ਹ ਕਿਸਾਨਾਂ ਨੂੰ ਬੁਰਾੜੀ ਮੈਦਾਨ ’ਚ ਇਕੱਠਾ ਹੋਣ ਦੀ ਅਪੀਲ ਕੀਤੀ ਸੀ। ਗ੍ਰਹਿ ਮੰਤਰੀ ਨੇ ਕਿਸਾਨਾਂ ਦੇ ਬੁਰਾੜੀ ਮੈਦਾਨ ’ਚ ਸਿਫ਼ਟ ਹੋਣ ਤੋਂ ਤੁਰੰਤ ਬਾਅਦ ਗੱਲਬਾਤ ਦਾ ਭਰੋਸਾ ਵੀ ਦਿਵਾਇਆ ਸੀ। 

ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਪਣੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਨੂੰ ਕਿਸਾਨਾਂ ਲਈ ਲਾਹੇਵੰਦ ਦਸਿਆ ਹੈ। ਪ੍ਰਧਾਨ ਮੰਤਰੀ ਨੇ ਮੰਨ ਦੀ ਬਾਤ ਪ੍ਰੋਗਰਾਮ ’ਚ ਨਾਟਕੀ ਰੁਪਾਂਤਕ ਜ਼ਰੀਏ ਜਿੱਥੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਕ੍ਰਾਂਤੀਕਾਰੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਉਥੇ ਹੀ ਦਿੱਲੀ ਦੀਆਂ ਬਰੂਹਾਂ ’ਤੇ ਇਕੱਠੇ ਹੋਏ ਕਿਸਾਨਾਂ ਬਾਰੇ ਇਕ ਵੀ ਲਫ਼ਜ ਨਹੀਂ ਬੋਲਿਆ। ਦਿੱਲੀ ’ਚ ਇਕੱਠੇ ਹੋਏ ਕਿਸਾਨਾਂ ਵਿਚਾਲੇ ਪ੍ਰਧਾਨ ਮੰਤਰੀ ਦੀ ਮੰਨ ਕੀ ਬਾਤ ਪ੍ਰੋਗਰਾਮ ਬਾਰੇ ਚੁੰਝ-ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਕਿਸਾਨ ਪ੍ਰਧਾਨ ਮੰਤਰੀ ਖਿਲਾਫ਼ ਰੱਜ ਦੇ ਭੜਾਸ ਕੱਢ ਰਹੇ ਹਨ।

ਕਿਸਾਨ ਜਥੇਬੰਦੀਆਂ ਦੇ ਤਾਜ਼ਾ ਐਲਾਨ ਤੋਂ ਬਾਅਦ ਕੇਂਦਰ ਸਰਕਾਰ ਲਈ ਕਸੂਤੀ ਸਥਿਤੀ ਬਣਦੀ ਜਾ ਰਹੀ ਹੈ। ਦਿੱਲੀ ਦੇ ਘੇਰੇ ਕਰਕੇ ਜ਼ਰੂਰੀ ਚੀਜ਼ਾਂ ਦੀ ਸਪਲਾਈ ਲੇਨ ਟੁੱਟ ਗਈ ਹੈ। ਕਿਸਾਨਾਂ ਨੇ ਕਿਹਾ ਹੈ ਕਿ ਉਹ ਦਿੱਲੀ ਵਾਸੀਆਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਇਹ ਉਨ੍ਹਾਂ ਦੀ ਮਜ਼ਬੂਰੀ ਬਣ ਗਈ ਹੈ। ਦਿੱਲੀ ਧਰਨੇ ’ਚ ਯੂਪੀ ਦੇ ਕਿਸਾਨਾਂ ਦੀ ਸ਼ਮੂਲੀਅਤ ਬਾਅਦ ਹਾਲਾਤ ਹੋਰ ਵੀ ਪੇਚੀਦਾ ਬਣ ਗਏ ਹਨ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਵਿਚ ਕਿਸਾਨਾਂ ਦਾ ਕਾਫਲਾ ਮੋਦੀਪੁਰਮ ਦੇ ਟੋਲ ਪਲਾਜ਼ਾ ਤੋਂ ਪਾਰ ਹੋ ਕੇ ਦੁਪਹਿਰ ਕਰੀਬ ਇਕ ਵਜੇ ਪਰਤਾਪੁਰ ਨੂੰ ਪਾਰ ਕਰ ਗਿਆ। ਇਸ ਦੇ ਮੱਦੇਨਜ਼ਰ ਮੇਰਠ ਟ੍ਰੈਫਿਕ ਪੁਲਿਸ ਨੇ ਪਰਤਾਪੁਰ ਵਿਚ ਹੋਰ ਵਾਹਨ ਰੋਕ ਦਿੱਤੇ, ਜਿਸ ਕਾਰਨ ਉਥੇ ਕੁਝ ਜਾਮ ਹੋ ਗਿਆ।

ਇਸ ਤੋਂ ਪਹਿਲਾਂ, ਸਿਵਾਇਆ ਟੋਲ ਪਲਾਜ਼ਾ ’ਤੇ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ, ਬੀ.ਕੇ.ਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਨਦਾਤਾ ਨਾਲ ਲਗਾਤਾਰ ਹੋ ਰਹੀ ਬੇਇਨਸਾਫੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਦੇਸ਼ ਭਰ ਵਿਚ ਫ਼ਸਲਾਂ ਦੀ ਇਕੋ ਕੀਮਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਐਕਟ ਦਾ ਪਹਿਲਾਂ ਹੀ ਬੀਕੇਯੂ ਵਲੋਂ ਵਿਰੋਧ ਕੀਤਾ ਜਾ ਚੁੱਕਾ ਹੈ। ਰਾਕੇਸ਼ ਟਿਕੈਤ ਦੀ ਦਿੱਲੀ ਕੂਚ ਦੇ ਐਲਾਨ ਤੋਂ ਬਾਅਦ ਦਰਜਨਾਂ ਟਰਾਲੀਆਂ ’ਚ ਸਵਾਰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਚੁੱਕੇ ਹਨ। ਇਸੇ ਤਰ੍ਹਾਂ ਪੰਜਾਬ ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਅੱਜ ਵੀ ਕਿਸਾਨਾਂ ਦਾ ਦਿੱਲੀ ਵਾਲਾ ਆਉਣਾ ਜਾਰੀ ਰਿਹਾ। 

ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਅਹਿਮਦਬਾਦ ਵਿਖੇ ਰੋਡ ਸ਼ੋਅ ਕਰਦੇ ਵਿਖਾਈ ਦਿਤੇ। ਉਹ ਉਥੇ ਨਗਰ ਨਿਗਮ ਚੋਣਾਂ ਦੇ ਪ੍ਰਚਾਰ ਲਈ ਗਏ ਹੋਏ ਸਨ। ਰੋਡ ਸ਼ੋਅ ’ਚ ਵੱਡੀ ਗਿਣਤੀ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਦਿੱਲੀ ਵਿਖੇੇ ਇਕੱਠੇ ਹੋਏ ਕਿਸਾਨਾਂ ਵਿਚਾਲੇ ਇਸ ਨੂੰ ਲੈ ਕੇ ਵੀ ਚਰਚਾਵਾਂ ਚਲਦੀਆਂ ਰਹੀਆਂ। ਕਿਸਾਨਾਂ ਮੁਤਾਬਕ ਕਰੋਨਾ ਦੇ ਨਾਮ ’ਤੇ ਉਨ੍ਹਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਨੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਕਿਸਾਨਾਂ ’ਤੇ ਤਸ਼ੱਦਦ ਕੀਤਾ ਹੈ ਉਥੇ ਹੀ ਵੋਟਾਂ ਖ਼ਾਤਰ ਭਾਜਪਾ ਆਗੂ ਵੱਡੀਆਂ ਭੀੜਾਂ ਇਕੱਠੀਆਂ ਕਰ ਰਹੇ ਹਨ ਜੋ ਭਾਜਪਾ ਦੇ ਪੱਖਪਾਤੀ ਰਵੱਈਏ ਦੀ ਮਿਸਾਲ ਹੈ।