Breaking News : ਲੋਕ ਸਭਾ ਮਗਰੋਂ ਰਾਜ ਸਭਾ 'ਚ ਵੀ ਖੇਤੀ ਕਾਨੂੰਨ ਵਾਪਸੀ ਦਾ ਬਿੱਲ ਹੋਇਆ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਅੱਗੇ ਹਾਰੀ ਸਰਕਾਰ

photo

 

 ਨਵੀਂ ਦਿੱਲੀ: ਕਿਸਾਨਾਂ ਲਈ 29 ਨਵੰਬਰ 2021 ਦਿਨ ਸੋਮਵਾਰ ਇਤਿਹਾਸਕ ਬਣ ਗਿਆ ਹੈ। ਸੰਸਦ ਦੇ ਦੋਵਾਂ ਸਦਨਾਂ ਵਿੱਚ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਹਨ। ਹੁਣ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਮਗਰੋਂ ਇਹ ਕਾਨੂੰਨ ਪੂਰੀ ਤਰ੍ਹਾਂ ਦੇਸ਼ ਵਿੱਚੋਂ ਖ਼ਤਮ ਹੋ ਜਾਣਗੇ।

 

ਵਿਰੋਧੀ ਧਿਰ ਦੇ ਹੰਗਾਮੇ ਦੇ ਵਿਚਕਾਰ, ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਖੇਤੀਬਾੜੀ ਕਾਨੂੰਨ ਰੱਦ ਬਿੱਲ 2021 ਨੂੰ ਰਾਜ ਸਭਾ ‘ਚ ਵੀ ਬਿਨਾਂ ਚਰਚਾ ਦੇ ਪਾਸ ਕਰ ਦਿੱਤਾ ਗਿਆ ਹੈ। ਸੰਸਦ ਦੇ ਦੋਵਾਂ ਸਦਨਾਂ ਨੇ ਬਿਨਾਂ ਚਰਚਾ ਦੇ ਖੇਤੀਬਾੜੀ ਕਾਨੂੰਨ ਰੱਦ ਬਿੱਲ 2021 ਨੂੰ ਮਨਜ਼ੂਰੀ ਦੇ ਦਿੱਤੀ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਸਦਨ ਵਿੱਚ ਪੇਸ਼ ਕੀਤਾ ਸੀ। ਹੁਣ ਇਸ ਬਿੱਲ ਨੂੰ ਮਨਜ਼ੂਰੀ ਲਈ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ। 

 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 19 ਨਵੰਬਰ 2021 ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਵਲੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਮਗਰੋਂ ਬਿੱਲ ਨੂੰ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਪ੍ਰਦਾਨ ਕੀਤੀ ਸੀ। ਇਸ ਐਲਾਨ ਮਗਰੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਅਤੇ ਉਹ ਐੱਮ. ਐੱਸ. ਪੀ. ’ਤੇ ਗਰੰਟੀ ਕਾਨੂੰਨ ਸਮੇਤ ਕੁਝ ਹੋਰ ਮੰਗਾਂ ’ਤੇ ਅੜੇ ਹੋਏ ਹਨ। ਜਦਕਿ ਵਿਰੋਧੀ ਧਿਰ ਬਿੱਲ ’ਤੇ ਚਰਚਾ ਦੀ ਮੰਗ ਕਰ ਰਿਹਾ ਹੈ।