ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ‘ਚ ਸਿੰਘੂ ਬਾਰਡਰ 'ਤੇ ਹੋਈ ਫੁੱਲਾਂ ਦੀ ਵਰਖਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੁਸ਼ੀ ਵਿਚ ਲੋਕਾਂ ਵਲੋਂ ਸਿੰਘੂ ਬਾਰਡਰ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਕਿਸਾਨਾਂ ਦੇ ਗਲਾਂ ਵਿਚ ਜਿੱਤ ਦੇ ਹਾਰ ਪਾਏ ਗਏ।

Celebration of repeal of farm laws at Singhu border

ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ): ਸੰਸਦ ਦੇ ਦੋਹਾਂ ਸਦਨਾਂ ਵਿਚ ਖੇਤੀ ਕਾਨੂੰਨ ਵਾਪਸੀ ਬਿੱਲ ਪਾਸ ਹੋਣ ਤੋਂ ਬਾਅਦ ਦੇਸ਼ ਭਰ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਦਿੱਲੀ ਦੀਆਂ ਬਰੂਹਾਂ ’ਤੇ ਵੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ਵਿਚ ਸਿੰਘੂ ਬਾਰਡਰ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉੱਠਿਆ।

ਖੁਸ਼ੀ ਵਿਚ ਲੋਕਾਂ ਵਲੋਂ ਸਿੰਘੂ ਬਾਰਡਰ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਕਿਸਾਨਾਂ ਦੇ ਗਲਾਂ ਵਿਚ ਜਿੱਤ ਦੇ ਹਾਰ ਪਾਏ ਗਏ। ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਇਕ ਸਾਲ ਤੋਂ ਸੰਘਰਸ਼ ਕਰ ਰਹੇ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਦੇ ਰੱਦ ਹੋਣ ਦਾ ਇਹ ਦਿਨ ਇਤਿਹਾਸਕ ਦਿਨ ਹੈ।

ਪਟਿਆਲਾ ਤੋਂ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੇ ਸੋਚਿਆ ਸੀ ਕਿ ਜਦੋਂ ਖੇਤੀ ਕਾਨੂੰਨ ਰੱਦ ਹੋਣਗੇ ਤਾਂ ਉਹ ਕਿਸਾਨਾਂ ’ਤੇ ਫੁੱਲ਼ਾਂ ਦੀ ਵਰਖਾ ਕਰਾਂਗੇ। ਕਿਸਾਨਾਂ ਨੇ ਕਿਹਾ ਕਿ ਉਹ ਸ਼ੁਰੂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਰਿਣੀ ਰਹਿਣਗੇ। ਕਿਸਾਨਾਂ ਨੇ ਕਿਹਾ ਕਿ ਇਹ ਬਹੁਤ ਵੱਡੀ ਅਤੇ ਇਤਿਹਾਸਕ ਜਿੱਤ ਹੈ। ਉਹਨਾਂ ਮੰਗ ਕੀਤੀ ਕਿ ਸਿੰਘੂ ਬਾਰਡਰ ’ਤੇ ਕਿਸਾਨੀ ਅੰਦੋਲਨ ਦੀ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਇਸ ਇਤਿਹਾਸਕ ਪਲ ਤੋਂ ਜਾਣੂ ਹੋ ਸਕਣ।

ਇਸ ਮੌਕੇ ਕਈ ਕਿਸਾਨਾਂ ਨੇ ਸਰਕਾਰ ਦਾ ਧੰਨਵਾਦ ਵੀ ਕੀਤਾ ਤੇ ਕਈ ਕਿਸਾਨਾਂ ਵਲੋਂ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਉਹਨਾਂ ਕਿਹਾ ਜੇ ਇਹ ਕਾਨੂੰਨ ਨਹੀਂ ਲਿਆਂਦੇ ਹੁੰਦੇ ਤਾਂ 750 ਕਿਸਾਨਾਂ ਦੀ ਕੁਰਬਾਨੀ ਦੇਣ ਦੀ ਲੋੜ ਨਹੀਂ ਸੀ ਪੈਣੀ। ਜੇ ਸਰਕਾਰ ਕਿਸਾਨ ਹਮਾਇਤੀ ਹੁੰਦੀ ਤਾਂ ਪਹਿਲਾਂ ਹੀ ਇਹ ਬਿੱਲ ਵਾਪਸ ਲੈ ਲੈਂਦੀ। ਸਰਕਾਰ ਨੂੰ ਇਹ ਫੈਸਲਾ ਬਹੁਤ ਹੀ ਪਹਿਲਾਂ ਲੈ ਲੈਣਾ ਚਾਹੀਦਾ ਸੀ।