NFHS ’ਚ ਪ੍ਰਗਟਾਵਾ, 30% ਤੋਂ ਵੱਧ ਮਹਿਲਾਵਾਂ ਨੇ ਪਤੀਆਂ ਵਲੋਂ ਪਤਨੀਆਂ ਦੇ ਕੁਟਾਪੇ ਨੂੰ ਜਾਇਜ਼ ਦਸਿਆ
ਹਿਮਾਚਲ ਪ੍ਰਦੇਸ (14.8%) ਵਿਚ ਸੱਭ ਤੋਂ ਘੱਟ ਔਰਤਾਂ ਸਨ ਜਿਨ੍ਹਾਂ ਨੇ ਅਪਣੇ ਪਤੀਆਂ ਦੁਆਰਾ ਕੁੱਟਮਾਰ ਨੂੰ ਜਾਇਜ਼ ਠਹਿਰਾਇਆ।
ਨਵੀਂ ਦਿੱਲੀ : 18 ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿਚੋਂ 14 ਤੋਂ 30 ਫ਼ੀ ਸਦੀ ਤੋਂ ਵੱਧ ਮਹਿਲਾਵਾਂ ਨੇ ਪਤੀਆਂ ਵਲੋਂ ਕੁੱਝ ਹਾਲਾਤ ਵਿਚ ਅਪਣੀਆਂ ਪਤਨੀਆਂ ਦੀ ਮਾਰਕੁੱਟ ਕੀਤੇ ਜਾਣ ਨੂੰ ਸਹੀ ਠਹਿਰਾਇਆ, ਜਦਕਿ ਘੱਟ ਪ੍ਰਤੀਸ਼ਤ ਪੁਰਸ਼ਾਂ ਨੇ ਇਸ ਤਰ੍ਹਾਂ ਦੇ ਵਿਵਹਾਰ ਨੂੰ ਤਰਕਸੰਗਤ ਦਸਿਆ। ਇਹ ਗੱਲ ਰਾਸ਼ਟਰੀ ਪਰਵਾਰ ਸਿਹਤ ਸਰਵੇਖਣ (ਐਨਐਫ਼ਐਚਐਸ) ਦੇ ਇਕ ਸਰਵੇਖਣ ਵਿਚ ਸਾਹਮਣੇ ਆਈ ਹੈ।
ਐਨਐਫ਼ਐਚਐਸ-5 ਅਨੁਸਾਰ, ਤਿੰਨ ਰਾਜਾਂ ਤੇਲੰਗਾਨਾ (84 ਫ਼ੀ ਸਦੀ), ਆਂਧਰ ਪ੍ਰਦੇਸ਼ (84 ਫ਼ੀ ਸਦੀ) ਅਤੇ ਕਰਨਾਟਕ (77 ਫ਼ੀ ਸਦੀ) ਦੀਆਂ 75 ਫ਼ੀ ਸਦੀ ਤੋਂ ਵੱਧ ਮਹਿਲਾਵਾਂ ਨੇ ਪੁਰਸ਼ਾਂ ਵਲੋਂ ਅਪਣੀਆਂ ਪਤਨੀਆਂ ਦੀ ਕੁੱਟ-ਮਾਰ ਨੂੰ ਸਹੀ ਦਸਿਆ। ਉਥੇ ਹੀ, ਮਨੀਪੁਰ (66 ਫ਼ੀ ਸਦੀ), ਕੇਰਲਾ (52 ਫ਼ੀ ਸਦੀ), ਜੰਮੂ ਅਤੇ ਕਸ਼ਮੀਰ (49 ਫ਼ੀ ਸਦੀ), ਮਹਾਰਾਸਟਰ (44 ਫ਼ੀ ਸਦੀ) ਅਤੇ ਪਛਮੀ ਬੰਗਾਲ (42 ਫ਼ੀ ਸਦੀ) ਅਜਿਹੇ ਹੋਰ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਹਨ ਜਿਥੇ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਪੁਰਸ਼ਾਂ ਵਲੋਂ ਪਤਨੀਆਂ ਦੀ ਕੁੱਟ-ਮਾਰ ਨੂੰ ਜਾਇਜ਼ ਠਹਿਰਾਇਆ।
ਐਨਐਫ਼ਐਚਐਸ ਵਲੋਂ ਪੁੱਛੇ ਗਏ ਇਸ ਸਵਾਲ ’ਤੇ ਕਿ, ‘‘ਤੁਹਾਡੀ ਰਾਏ ਵਿਚ, ਕੀ ਇਕ ਪਤੀ ਦਾ ਅਪਣੀ ਪਤਨੀ ਨੂੰ ਕੁੱਟਣਾ ਉਚਿਤ ਹੈ...?, 14 ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੀ 30 ਫ਼ੀ ਸਦੀ ਤੋਂ ਵੱਧ ਮਹਿਲਾਵਾਂ ਨੇ ਕਿਹਾ, ‘‘ਹਾਂ’’। ਸਰਵੇ ਨੇ ਉਨ੍ਹਾਂ ਸੰਭਾਵਤ ਹਾਲਾਤਾਂ ਨੂੰ ਸਾਹਮਣੇ ਰਖਿਆ ਜਿਨ੍ਹਾਂ ’ਚ ਇਕ ਪਤੀ ਅਪਣੀ ਪਤਨੀ ਦੀ ਕੁੱਟ ਮਾਰ ਕਰਦਾ ਹੈ : ਜੇਕਰ ਉਸ ਨੂੰ ਉਸ ਦੇ ਵਿਸ਼ਵਾਸਘਾਤੀ ਹੋਣ ਦਾ ਸ਼ੱਕ ਹੈ, ਜੇ ਉਹ ਸਹੁਰੇ ਪ੍ਰਵਾਰ ਦੀ ਇਜ਼ੱਤ ਨਹੀਂ ਕਰਦੀ ਹੈ, ਜੇ ਉਹ ਉਨ੍ਹਾਂ ਬਹਿਸ ਕਰਦੀ ਹੈ, ਜੇ ਉਹ ਉਸ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਦੀ ਹੈ, ਜੇਕਰ ਉਹ ਉਸ ਨੂੰ ਦੱਸੇ ਬਗ਼ੈਰ ਬਾਹਰ ਕਿਤੇ ਜਾਂਦੀ ਹੈ
ਜੇ ਉਹ ਘਰ ਜਾਂ ਬੱਚਿਆਂ ਨੂੰ ਨਜ਼ਰਅੰਦਾਜ ਕਰਦੀ ਹੈ, ਜੇਕਰ ਉਹ ਚੰਗਾ ਖਾਣਾ ਨਹੀਂ ਬਣਾਉਂਦੀ ਹੈ। ਜਵਾਬ ਦੇਣ ਵਾਲਿਆਂ ਵਲੋਂ ਕੁੱਟ ਮਾਰ ਨੂੰ ਜਾਇਜ਼ ਦੱਸਣ ਲਈ ਸੱਭ ਤੋਂ ਆਮ ਕਾਰਨ ਘਰ ਜਾਂ ਬੱਚਿਆਂ ਨੂੰ ਨਜ਼ਰਅੰਦਾਜ ਕਰਨਾ ਅਤੇ ਸਹੁਰਿਆਂ ਪ੍ਰਤੀ ਅਨਾਦਰ ਕਰਨਾ ਸੀ। 18 ਵਿਚੋਂ 13 ਹਿਮਾਚਲ ਪ੍ਰਦੇਸ਼, ਕੇਰਲ, ਮਨੀਪੁਰ, ਗੁਜਰਾਤ, ਨਾਗਾਲੈਂਡ, ਗੋਆ, ਬਿਹਾਰ, ਕਰਨਾਟਕ, ਅਸਾਮ, ਮਹਾਰਾਸਟਰ, ਤੇਲੰਗਾਨਾ, ਨਾਗਾਲੈਂਡ ਅਤੇ ਪਛਮੀ ਬੰਗਾਲ ’ਚ ਔਰਤਾਂ ਨੇ ਸਹੁਰਿਆਂ ਪ੍ਰਤੀ ਨਿਰਾਦਰ ਦਾ ਜ਼ਿਕਰ ਕਰਦੇ ਹੋਏ ਕੁੱਟਮਾਰ ਨੂੰ ਜਾਇਜ਼ ਠਹਿਰਾਉਣ ਦੇ ਮੁੱਖ ਕਾਰਨ ਵਜੋਂ ਕੀਤਾ।
ਹਿਮਾਚਲ ਪ੍ਰਦੇਸ (14.8%) ਵਿਚ ਸੱਭ ਤੋਂ ਘੱਟ ਔਰਤਾਂ ਸਨ ਜਿਨ੍ਹਾਂ ਨੇ ਅਪਣੇ ਪਤੀਆਂ ਦੁਆਰਾ ਕੁੱਟਮਾਰ ਨੂੰ ਜਾਇਜ਼ ਠਹਿਰਾਇਆ। ਪੁਰਸ਼ਾਂ ਵਿਚ, ਕਰਨਾਟਕ ’ਚ ਉੱਤਰਦਾਤਾਵਾਂ ਵਿਚੋਂ 81.9 ਪ੍ਰਤੀਸ਼ਤ ਅਤੇ ਹਿਮਾਚਲ ਪ੍ਰਦੇਸ ਵਿਚ 14.2 ਪ੍ਰਤੀਸ਼ਤ ਨੇ ਅਜਿਹੇ ਵਿਵਹਾਰ ਨੂੰ ਜਾਇਜ਼ ਠਹਿਰਾਇਆ। ਹੈਦਰਾਬਾਦ ਸਥਿਤ ਐਨਜੀਓ ਰੋਸ਼ਨੀ ਦੀ ਡਾਇਰੈਕਟਰ ਊਸਾਸ਼੍ਰੀ ਨੇ ਕਿਹਾ ਕਿ ਕੋਵਿਡ-19 ਦੌਰਾਨ ਉਨ੍ਹਾਂ ਦੀ ਸੰਸਥਾ ਨੇ ਜਿਨਸੀ ਸੋਸ਼ਣ ਅਤੇ ਘਰੇਲੂ ਹਿੰਸਾ ਵਿਚ ਵਾਧਾ ਦੇਖਿਆ ਹੈ। ‘ਰੋਸ਼ਨੀ’ ਭਾਵਨਾਤਮਕ ਸੰਕਟ ’ਚ ਲੋਕਾਂ ਨੂੰ ਸਲਾਹ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਦੀ ਹੈ।