ਗੁਜਰਾਤ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਸਤਾ ਰਿਹਾ ਹੈ ਨੋਟਾ (NOTA) ਦਾ ਡਰ, ਜਾਣੋ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

1 ਤੇ 5 ਦਸੰਬਰ ਨੂੰ ਪੈਣਗੀਆਂ ਵੋਟਾਂ, 8 ਦਸੰਬਰ ਨੂੰ ਆਉਣਗੇ ਨਤੀਜੇ

Image

 

ਅਹਿਮਦਾਬਾਦ - ਗੁਜਰਾਤ ਵਿੱਚ ਭਾਜਪਾ ਦੇ ਸੁਖਾਵੇਂ ਸਥਿਤੀ ਵਿੱਚ ਹੋਣ ਦੀਆਂ ਰਿਪੋਰਟਾਂ ਵਿਚਕਾਰ, ਪਾਰਟੀ ਲੀਡਰਸ਼ਿਪ ਵੋਟਰਾਂ ਦੀ ਮਾਨਸਿਕਤਾ ਨੂੰ ਲੈ ਕੇ ਵਧੇਰੇ ਪਰੇਸ਼ਾਨ ਜਾਪ ਰਹੀ ਹੈ, ਕਿਉਂਕਿ ਫ਼ੈਸਲੇ ਦੀ ਘੜੀ ਨੇੜੇ ਹੈ। ਚੋਣਾਂ ਵਿੱਚ ਜਿੱਤ ਲਈ ਰਣਨੀਤੀਆਂ ਅਤੇ ਤਿਆਰੀਆਂ ਦੀ ਸਮੀਖਿਆ ਕਰਨ ਦੇ ਵਿਸ਼ੇ 'ਤੇ ਹੋ ਰਹੀਆਂ ਭਾਜਪਾ ਦੀਆਂ ਅੰਦਰੂਨੀ ਮੀਟਿੰਗਾਂ ਵਿੱਚ, ਨੋਟਾ (Nota - None Of The Above) ਦੀਆਂ ਵੋਟਾਂ ਨੂੰ ਘਟਾਉਣਾ ਚਰਚਾ ਦਾ ਮੁੱਖ ਵਿਸ਼ਾ ਬਣ ਗਿਆ ਹੈ, ਕਿਉਂਕਿ ਪਿਛਲੀਆਂ ਚੋਣਾਂ ਭਾਵ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਰੀਬ 115 ਸੀਟਾਂ 'ਤੇ ਨੋਟਾ ਦੀਆਂ ਵੋਟਾਂ ਤੀਜੇ ਸਥਾਨ 'ਤੇ ਰਹੀਆਂ ਸਨ।

ਈਵੀਐੱਮ 'ਤੇ ਨੋਟਾ ਦੀ ਜਗ੍ਹਾ ਬਦਲਾਉਣ ਦੀ ਕੋਸ਼ਿਸ਼ 

ਇਸ ਤੋਂ ਪਹਿਲਾਂ ਭਾਜਪਾ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ 'ਤੇ ਨੋਟਾ ਨੂੰ ਅੰਤਿਮ ਸਲਾਟ ਤੋਂ ਹਟਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਭਾਜਪਾ ਆਗੂਆਂ ਮੁਤਾਬਿਕ, ਬਹੁਤ ਸਾਰੇ ਲੋਕਾਂ ਨੇ ਸੂਚੀ ਵਿੱਚ ਪਹਿਲੇ ਨੰਬਰ ਨੂੰ ਮੰਨਦੇ ਹੋਏ ਆਖਰੀ ਲਾਈਨ 'ਤੇ ਆਪਣੀ ਵੋਟ ਪਾਈ। ਪਾਰਟੀ ਨੇਤਾ ਮੰਨਦੇ ਹਨ ਕਿ ਉਨ੍ਹਾਂ ਦੇ ਕੇਡਰ ਅਤੇ ਬੂਥ-ਪੱਧਰ ਦੇ ਵਰਕਰਾਂ ਦਾ ਸਭ ਤੋਂ ਵੱਡਾ ਕੰਮ ਭਾਜਪਾ ਦੀ ਜਿੱਤ ਬਾਰੇ 'ਵਧੇਰੇ ਭਰੋਸਾ' ਪੈਦਾ ਕਰਨ ਦੀ ਬਜਾਏ ਪੋਲਿੰਗ ਦਿਨਾਂ 'ਤੇ ਵੋਟਰਾਂ ਨੂੰ ਘਰਾਂ ਤੋਂ ਬਾਹਰ ਲਿਆਉਣਾ ਹੈ।

ਕੀ ਕਹਿੰਦੇ ਹਨ 2017 ਚੋਣਾਂ ਵਿੱਚ NOTA ਦੇ ਅੰਕੜੇ 

ਸਾਲ 2017 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਗੁਜਰਾਤ ਰਾਜ ਦੀਆਂ ਕੁੱਲ 182 ਸੀਟਾਂ 'ਚੋਂ 115 ਸੀਟਾਂ 'ਤੇ ਨੋਟਾ ਤੀਜੇ ਨੰਬਰ 'ਤੇ ਸੀ। ਗੁਜਰਾਤ ਦੇ ਕਰੀਬ ਤਿੰਨ ਕਰੋੜ ਵੋਟਰਾਂ ਵਿੱਚੋਂ 5.51 ਲੱਖ ਜਾਂ 1.84 ਫ਼ੀਸਦੀ ਵੋਟਰਾਂ ਨੇ ਨੋਟਾ ਦੀ ਚੋਣ ਕੀਤੀ। ਗੁਜਰਾਤ ਵਿੱਚ ਨੋਟਾ ਦਾ ਕੁੱਲ ਵੋਟ ਸ਼ੇਅਰ ਭਾਜਪਾ (49.05 ਪ੍ਰਤੀਸ਼ਤ) ਅਤੇ ਕਾਂਗਰਸ (41.44 ਪ੍ਰਤੀਸ਼ਤ) ਤੋਂ ਬਾਅਦ ਤੀਜਾ ਸਭ ਤੋਂ ਵੱਧ (1.84 ਪ੍ਰਤੀਸ਼ਤ) ਸੀ। ਪਿਛਲੀਆਂ ਚੋਣਾਂ ਵਿੱਚ ਕੁੱਲ 794 ਆਜ਼ਾਦ ਉਮੀਦਵਾਰਾਂ ਵਿੱਚੋਂ ਸਿਰਫ਼ ਤਿੰਨ ਹੀ ਚੋਣ ਜਿੱਤ ਸਕੇ ਸਨ। 

ਗੁਜਰਾਤ ਚੋਣਾਂ 2022 ਦਾ ਵੇਰਵਾ 

ਕੇਂਦਰੀ ਚੋਣ ਕਮਿਸ਼ਨ ਨੇ 3 ਨਵੰਬਰ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਗੁਜਰਾਤ ਵਿੱਚ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ ਵਿੱਚ ਵੋਟਾਂ ਪੈਣਗੀਆਂ। ਪਹਿਲੇ ਗੇੜ ਦੀ ਵੋਟਿੰਗ ਦਾ ਪ੍ਰਚਾਰ ਮੰਗਲਵਾਰ ਸ਼ਾਮ ਨੂੰ ਖਤਮ ਹੋ ਜਾਵੇਗਾ। ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਸਾਹਮਣੇ ਆਉਣਗੇ। ਗੁਜਰਾਤ ਵਿਧਾਨ ਸਭਾ ਦੀਆਂ 182 ਸੀਟਾਂ 'ਚੋਂ ਪਹਿਲੇ ਪੜਾਅ 'ਚ 89 ਸੀਟਾਂ 'ਤੇ ਅਤੇ ਦੂਜੇ ਪੜਾਅ 'ਚ 93 ਸੀਟਾਂ 'ਤੇ ਵੋਟਿੰਗ ਹੋਵੇਗੀ।

ਇਸ ਸਾਲ 4.9 ਕਰੋੜ ਤੋਂ ਵੱਧ ਵੋਟਰ ਵੋਟ ਪਾਉਣ ਜਾ ਰਹੇ ਹਨ। ਗੁਜਰਾਤ ਵਿੱਚ 51 ਹਜ਼ਾਰ ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਜਾਣੇ ਹਨ। ਕੇਂਦਰ ਨੇ ਗੁਜਰਾਤ ਚੋਣਾਂ ਤੋਂ ਪਹਿਲਾਂ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 160 ਕੰਪਨੀਆਂ ਤਾਇਨਾਤ ਕੀਤੀਆਂ ਹਨ। ਗੁਜਰਾਤ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 18 ਫਰਵਰੀ, 2023 ਨੂੰ ਖਤਮ ਹੋ ਰਿਹਾ ਹੈ।