ਹਿਮਾਚਲ ਪ੍ਰਦੇਸ਼ : ਚਿੰਤਪੁਰਨੀ ਮੰਦਰ ਨੇੜੇ ਕੰਧਾਂ ’ਤੇ ਨਾਅਰੇਬਾਜ਼ੀ ਮਗਰੋਂ ਪੰਨੂੰ ਵਿਰੁਧ ਕੇਸ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਰਪਤਵੰਤ ਸਿੰਘ ਪੰਨੂ ਦੀ ਵੀਡੀਉ ਵੀ ਜਨਤਕ, ਕੰਧਾਂ ’ਤੇ ਉਕੇਰੀਆਂ ਚੀਜ਼ਾਂ ਵਿਖਾਈਆਂ

Gurpatwant Singh Pannun

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ’ਚ ਮਾਤਾ ਚਿੰਤਪੁਰਨੀ ਮੰਦਰ ਨੇੜੇ ਕੰਧਾਂ ’ਤੇ ਖਾਲਿਸਤਾਨੀ ਨਾਅਰੇ ਲਿਖੇ ਹੋਏ ਮਿਲੇ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। 

ਇਸ ਤੋਂ ਇਲਾਵਾ ਪਾਬੰਦੀਸ਼ੁਦਾ ਸੰਗਠਨ ‘ਸਿੱਖਸ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਇਕ ਵੀਡੀਉ ਵੀ ਜਨਤਕ ਹੋਈ ਹੈ, ਜਿਸ ’ਚ ਉਹ ਕੰਧਾਂ ’ਤੇ ਉਕੇਰੀਆਂ ਚੀਜ਼ਾਂ ਵਿਖਾ ਕੇ ਕਹਿ ਰਹੇ ਹਨ ਕਿ 1984 ਦੇ ਸਿੱਖ ਦੰਗਿਆਂ ’ਚ ਕਥਿਤ ਤੌਰ ’ਤੇ ਸ਼ਾਮਲ ਕਾਂਗਰਸੀ ਆਗੂਆਂ ਨੂੰ ਬਖਸ਼ਿਆ ਨਹੀਂ ਜਾਵੇਗਾ। 

ਉਨ੍ਹਾਂ ਦੇ ਪੁਲਿਸ ਸੁਪਰਡੈਂਟ ਅਰਜੀਤ ਸੇਨ ਠਾਕੁਰ ਨੇ ਦਸਿਆ ਕਿ ਜਾਂਚ ਜਾਰੀ ਹੈ ਅਤੇ ਬਦਮਾਸ਼ਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਵੀਡੀਉ ਕਲਿੱਪ ਦੀ ਵੀ ਜਾਂਚ ਕਰ ਰਹੀ ਹੈ।  

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੂਬੇ ’ਚ ਅਜਿਹੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 7 ਮਈ ਨੂੰ ਧਰਮਸ਼ਾਲਾ ’ਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀ ਬਾਹਰੀ ਚਾਰਦੀਵਾਰੀ ’ਤੇ ਖਾਲਿਸਤਾਨ ਸਮਰਥਕ ਬੈਨਰ ਅਤੇ ਨਾਹਰੇਬਾਜ਼ੀ ਕੀਤੀ ਗਈ ਸੀ। 

ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਵੀਡੀਉ ਕਲਿੱਪ ਦੇ ਆਧਾਰ ’ਤੇ ਪੰਨੂੰ ’ਤੇ ਇਸ ਮਾਮਲੇ ’ਚ ਸਹਿ-ਦੋਸ਼ੀ ਅਤੇ ਮੁੱਖ ਸਾਜ਼ਸ਼ਕਰਤਾ ਦੇ ਤੌਰ ’ਤੇ ਦੋਸ਼ ਲਗਾਏ ਗਏ ਹਨ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ.ਏ.ਪੀ.ਏ.) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।