ਮਹਾਰਾਸ਼ਟਰ ’ਚ ਬੱਸ ਪਲਟਣ ਨਾਲ 11 ਲੋਕਾਂ ਦੀ ਮੌਤ, 25 ਜ਼ਖਮੀ
ਇਕ ਹੋਰ ਗੱਡੀ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ’ਚ ਸਦਾਕਰਜੁਨੀ ਤਾਲੁਕਾ ਦੇ ਦਾਤਵਾ ਪਿੰਡ ’ਚ ਬਸ ਪਲਟ ਗਈ
ਗੋਂਦੀਆ : ਮਹਾਰਾਸ਼ਟਰ ਦੇ ਗੋਂਦੀਆ ਜ਼ਿਲ੍ਹੇ ’ਚ ਸ਼ੁਕਰਵਾਰ ਦੁਪਹਿਰ ਮਹਾਰਾਸ਼ਟਰ ਸੂਬਾ ਸੜਕ ਆਵਾਜਾਈ ਨਿਗਮ (ਐਮ.ਐਸ.ਆਰ.ਟੀ.ਸੀ.) ਦੀ ਬਸ ਪਲਟ ਜਾਣ ਨਾਲ ਘੱਟ ਤੋਂ ਘੱਟ 11 ਸਵਾਰੀਆਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ।
ਸ਼ੁਰੂਆਤੀ ਜਾਣਕਾਰੀ ਅਨੁਸਾਰ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਐਮ.ਐਸ.ਆਰ.ਟੀ.ਸੀ. ਬਸ ‘ਸ਼ਿਵ ਸ਼ਾਹੀ’ 26 ਲੋਕਾਂ ਨੂੰ ਲੈ ਕੇ ਭੰਡਾਰਾ ਤੋਂ ਗੋਂਦੀਆ ਜ਼ਿਲ੍ਹੇ ਵਲ ਜਾ ਰਹੀ ਸੀ, ਪਰ ਇਕ ਹੋਰ ਗੱਡੀ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ’ਚ ਸਦਾਕਰਜੁਨੀ ਤਾਲੁਕਾ ਦੇ ਦਾਤਵਾ ਪਿੰਡ ’ਚ ਬਸ ਪਲਟ ਗਈ।
ਉਨ੍ਹਾਂ ਕਿਹਾ ਕਿ ਦੁਪਹਿਰ ਲਗਭਗ ਸਾਢੇ 12 ਵਜੇ ਵਾਪਰੇ ਇਸ ਹਾਦਸੇ ’ਚ 11 ਸਵਾਰੀਆਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਜ਼ਖ਼ਮੀ ਸਵਾਰੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਹਾਦਸੇ ’ਚ ਮਾਰੇ ਗਏ ਲੋਕਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਲਈ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਕਮ ਦਿਤਾ ਕਿ ਸਾਰੇ ਜ਼ਖ਼ਮੀ ਮੁਸਾਫ਼ਰਾਂ ਨੂੰ ਚੰਗਾ ਇਲਾਜ ਅਤੇ ਡਾਕਟਰੀ ਦੇਖਭਾਲ ਦਿਤੀ ਜਾਵੇ।