Delhi News : ਭਾਰਤ ਦੀ ਆਰਥਕ ਵਿਕਾਸ ਦਰ ਦੋ ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਦੂਜੀ ਤਿਮਾਹੀ ’ਚ ਜੀ.ਡੀ.ਪੀ. ਵਿਕਾਸ ਦਰ ਘਟ ਕੇ 5.4 ਫੀ ਸਦੀ ਰਹੀ : ਸਰਕਾਰੀ ਅੰਕੜੇ 

File Photo

Delhi News : ਨਿਰਮਾਣ ਖੇਤਰ ਦੇ ਖਰਾਬ ਪ੍ਰਦਰਸ਼ਨ ਕਾਰਨ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ’ਚ ਭਾਰਤ ਦੀ ਆਰਥਕ ਵਿਕਾਸ ਦਰ ਲਗਭਗ ਦੋ ਸਾਲ ਦੇ ਹੇਠਲੇ ਪੱਧਰ 5.4 ਫੀ ਸਦੀ ’ਤੇ ਆ ਗਈ ਹੈ।  ਸ਼ੁਕਰਵਾਰ ਨੂੰ ਐਲਾਨੇ ਗਏ ਅਧਿਕਾਰਤ ਅੰਕੜਿਆਂ ’ਚ ਇਹ ਜਾਣਕਾਰੀ ਦਿਤੀ ਗਈ। ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਆਰਥਕ ਵਿਕਾਸ ਦਰ 8.1 ਫੀ ਸਦੀ ਸੀ। ਇਸ ਤੋਂ ਪਹਿਲਾਂ ਵਿੱਤੀ ਸਾਲ 2022-23 ਦੀ ਅਕਤੂਬਰ-ਦਸੰਬਰ ਤਿਮਾਹੀ ’ਚ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ 4.3 ਫੀ ਸਦੀ ਦਰਜ ਕੀਤੀ ਗਈ ਸੀ। ਹਾਲਾਂਕਿ, ਭਾਰਤ ਸੱਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਬਣਿਆ ਹੋਇਆ ਹੈ। ਇਸ ਸਾਲ ਜੁਲਾਈ-ਸਤੰਬਰ ਤਿਮਾਹੀ ’ਚ ਚੀਨ ਦੀ ਜੀ.ਡੀ.ਪੀ. ਵਿਕਾਸ ਦਰ 4.6 ਫੀ ਸਦੀ ਰਹੀ ਸੀ। 

ਕੌਮੀ ਅੰਕੜਾ ਦਫਤਰ (ਐੱਨ.ਐੱਸ.ਓ.) ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ 2024-25 ਦੀ ਜੁਲਾਈ-ਸਤੰਬਰ ਤਿਮਾਹੀ ’ਚ ਖੇਤੀਬਾੜੀ ਖੇਤਰ ਦੀ ਵਾਧਾ ਦਰ 3.5 ਫੀ ਸਦੀ ਰਹੀ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 1.7 ਫੀ ਸਦੀ ਸੀ। ਪਿਛਲੀ ਤਿਮਾਹੀ ’ਚ ਨਿਰਮਾਣ ਸੈਕਟਰ ਦੀ ਵਾਧਾ ਦਰ ਘੱਟ ਕੇ 2.2 ਫੀ ਸਦੀ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 14.3 ਫੀ ਸਦੀ ਸੀ। 

ਦੂਜੀ ਤਿਮਾਹੀ ਦੇ ਜੀ.ਡੀ.ਪੀ. ਅੰਕੜਿਆਂ ਨਾਲ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਜੀ.ਡੀ.ਪੀ. ਵਾਧਾ ਦਰ 6 ਫੀ ਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਪਿਛਲੇ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਜੀ.ਡੀ.ਪੀ. ਵਾਧਾ ਦਰ 8.2 ਫੀ ਸਦੀ ਰਹੀ ਸੀ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਜੀ.ਡੀ.ਪੀ. ਵਾਧਾ ਦਰ 6.7 ਫੀ ਸਦੀ ’ਤੇ ਸਥਿਰ ਰਹੀ ਸੀ। (ਪੀਟੀਆਈ)

(For more news apart from India's economic growth rate reaches 'lowest level in two years' News in Punjabi, stay tuned to Rozana Spokesman)