ਰਾਜਸਭਾ ਵਿਚ ਲਗਾਤਾਰ 10ਵੇਂ ਕੰਮਕਾਜੀ ਦਿਨ ਰੁਕਾਵਟ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ, ਤਾਮਿਲਨਾਡੂ 'ਚ ਕਾਵੇਰੀ ਡੈਮ ਦੀ ਉਸਾਰੀ ਸਣੇ ਵੱਖ ਵੱਖ ਮੁਦਿਆਂ 'ਤੇ ਵਿਰੋਧੀ ਧਿਰਾਂ.....

Venkaiah Naidu

ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ, ਤਾਮਿਲਨਾਡੂ 'ਚ ਕਾਵੇਰੀ ਡੈਮ ਦੀ ਉਸਾਰੀ ਸਣੇ ਵੱਖ ਵੱਖ ਮੁਦਿਆਂ 'ਤੇ ਵਿਰੋਧੀ ਧਿਰਾਂ ਦੇ ਹੰਗਾਮੈ ਕਾਰਨ ਸ਼ੁਕਰਵਾਰ ਨੂੰ ਰਾਜਸਭਾ ਦੀ ਕਾਰਵਾਹੀ ਸ਼ੁਰੂ ਹੋਦ ਦੇ ਕਰੀਬ 10 ਮਿੰਟ ਬਾਅਦ ਹੀ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ। ਸਵੇਰੇ 11 ਵਜੇ ਰਾਜਸਭਾ ਦੀ ਕਾਰਵਾਈ ਸ਼ੁਰੂ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਸਬੰਧੀ ਸਦਨ ਦਾ ਧਿਆਨ ਦਵਾਇਆ।

ਢੀਂਡਸਾ ਨੇ ਕਿਹਾ ਕਿ ਅੱਜ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੇ, ਜਿਨ੍ਹਾਂ ਨੂੰ ਨੌ ਸਾਲ ਦੀ ਉਮਰ ਵਿਚ ਜ਼ਿੰਦਾ ਕੰਧਾਂ ਵਿਚ ਚੁਣਵਾ ਦਿਤਾ ਗਿਆ ਸੀ। ਅੱਜ ਤੋਂ ਚਾਰ-ਪੰਜ ਦਿਨ ਪਹਿਲਾਂ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਸੀ। ਉਹ 18  ਸਾਲ ਦੀ ਉਮਰ ਵਿਚ ਜੰਗ ਦੇ ਮੈਦਾਨ ਵਿਚ ਸ਼ਹੀਦ ਹੋਏ ਸਨ। ਅਕਾਲੀ ਦਲ ਦੇ ਨੇਤਾ ਨੇ ਕਿਹਾ ਕਿ ਕੱਲ ਲੋਕਸਭਾ ਵਿਚ ਉਨ੍ਹਾਂ ਲਈ ਅਰਦਾਸ ਕੀਤੀ ਗਈ ਸੀ, ਬੇਨਤੀ ਹੈ ਕਿ ਉਨ੍ਹਾਂ ਦੀ ਸ਼ਹਾਦਤ ਨੂੰ  ਯਾਦ ਕਰਦਿਆਂ ਅਸੀਂ ਵੀ ਅਰਦਾਸ ਕਰੀਏ। ਇਸ 'ਤੇ ਚੇਅਰਮੈਨ ਐਮ. ਵੈਨਕਈਆ ਨਾਇਡੂ ਨੇ ਕਿਹਾ ਕਿ ਤੁਸੀਂ ਬਹੁਤ ਸੰਵੇਦਨਸ਼ੀਲ ਮੁੱਦਾ ਚੁੱਕਿਆ ਹੈ।

ਪੂਰਾ ਦੇਸ਼ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀ ਸ਼ਹਾਦਤ ਬਾਰੇ ਜਾਣਦਾ ਹੈ। ਦੇਸ਼ ਉਨ੍ਹਾਂ ਦੇ ਤਿਆਗ ਨੂੰ ਨਹੀਂ ਭੁੱਲ ਸਕਦਾ। ਪੂਰਾ ਸਦਨ ਸਰਕਾਰ ਸੁਖਦੇਵ ਸਿੰਘ ਢੀਂਡਸਾ ਦੀਆਂ ਭਾਵਨਾਵਾਂ ਨਾਲ ਖ਼ੁਦ ਨੂੰ ਜੋੜਦਾ ਹੈ। ਚੇਅਰਮੈਨ ਨੇ ਵਰਕ ਕਮੇਟੀ ਦੀ 27 ਦਸੰਬਰ ਨੂੰ ਹੋਈ ਬੈਠਕ ਵਿਚ ਵੱਖ ਵੱਖ ਵਿਸ਼ਿਆਂ 'ਤੇ ਚਰਚਾ ਲਈ  ਨਿਰਧਾਰਤ ਸਮੇਂ ਦੀ ਜਾਣਕਾਰੀ ਵੀ ਦਿਤੀ। ਇਸ ਤੋਂ ਬਾਅਦ ਮੈਂਬਰਾਂ ਨੇ ਸਦਨ ਦੇ ਨੇਤਾ ਅਰੁਣ ਜੇਟਲੀ ਅਤੇ ਕਾਂਗਰਸ ਦੇ ਸੀਨੀਅਰ ਮੈਂਬਰ ਏ.ਕੇ.ਏਂਟਨੀ ਨੂੰ ਜਨਮਦਿਨ ਦੀਆਂ ਵਧਾਈਆਂ ਦਿਤੀਆਂ। ਦੋਵਾਂ ਨੇਤਾਵਾਂ ਨੂੰ ਜਨਮਦਿਨ ਦੀ ਮੁਬਾਰਕਾਂ ਦੇਣ ਦੇ ਤੁਰਤ ਬਾਅਦ ਸਦਨ ਵਿਚ ਹੰਗਾਮਾਂ ਸ਼ੁਰੂ ਹੋ ਗਿਆ।

ਅੰਨਾ ਡੀ.ਐਮ.ਕੇ., ਵਾਈ.ਐਸ.ਆਰ. ਕਾਂਗਰਸ, ਟੀ.ਡੀ.ਪੀ. ਸਣੇ ਕਈ ਹੋਰ ਧਿਰਾਂ ਦੇ ਮੈਂਬਰ ਕਾਵੇਰੀ ਨਦੀ 'ਤੇ ਡੈਮ ਬਣਾਉਣ, ਆਂਧਰਾ ਪ੍ਰਦੇਸ਼ ਦੇ ਵਿਸ਼ੇਸ਼ ਰਾਜ ਦਾ ਦਰਜਾ ਦਿਤੇ ਜਾਣ ਸਣੇ ਅਲੱਗ ਅਲੱਗ ਮੁਦਿਆਂ 'ਤੇ ਹੰਗਾਮਾਂ ਕਰਨ ਲੱਗ ਪਏ। ਅੰਨਾ ਡੀ.ਐਮ.ਕੇ., ਵਾਈ.ਐਸ.ਆਰ. ਕਾਂਗਰਸ ਆਦਿ ਧਿਰਾਂ ਦੇ ਮੈਂਬਰ ਚੇਅਰਮੈਨ ਦੀ ਕੁਰਸੀ ਨੇੜੇ ਆ ਗਏ। ਚੇਅਰਮੈਨ ਨੇ ਸਾਰੇ ਮੈਂਬਰਾਂ ਨੂੰ ਸ਼ਾਂਤੀ ਬਣਾਉਣ ਅਤੇ ਜਨਹਿੱਤ ਨਾਲ ਜੁੜੇ ਮੁਦਿਆਂ 'ਤੇ ਚਰਚਾ ਕਰਨ ਦੀ ਅਪੀਲ ਕੀਤੀ। ਸੰਸਦੀ ਕਾਰਜ ਰਾਜ ਮੰਤਰੀ ਵਿਜੇ ਗੋਪਾਲ ਨੇ ਅਪੀਲ ਕਰਦਿਆਂ ਕਿਹਾ ਕਿ ਸਦਨ ਦੀ ਕਾਰਵਾਈ ਲਈ ਹੁਣ ਮੁਸ਼ਕਲ ਨਾਲ ਸਿਰਫ਼ ਸੱਤ ਦਿਨ ਰਹਿ ਗਏ ਹਨ।

ਤਿੰਨ ਤਲਾਕ ਸਣੇ ਹੋਰ ਬਿੱਲ ਪਾਸ ਹੋਣੇ ਹਨ। ਅਜਿਹੇ ਵਿਚ ਸਾਰੀਆਂ ਪਾਰਟੀਆਂ ਨੂੰ ਬੇਨਤੀ ਹੈ ਕਿ ਸਦਨ ਦੀ ਕਾਰਵਾਈ ਚੱਲਣ ਦੇਣ। ਰਾਫ਼ੇਲ ਸਣੇ ਕਈ ਮੁੱਦੇ ਚਰਚਾ ਲਈ ਲਟਕ ਰਹੇ ਹਨ। ਅਪੀਲ ਕਰਨ ਮਗਰੋਂ ਵੀ ਹੰਗਾਮਾਂ ਨਾ ਰੁਕਣ 'ਤੇ ਚੇਅਰਮੈਨ ਨੇ ਕਿਹਾ  ਕਿ ਹੁਣ ਹੰਗਾਮਾ ਕਰਨ ਵਾਲੇ ਮੈਂਬਰਾਂ ਵਿਰੁਧ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚਰਚਾ ਲਈ ਤਿਆਰ ਹੈ। ਮੈਂ ਚਰਚਾ ਕਰਨ ਲਈ ਤਿਆਰ ਹਾਂ। ਜਨਹਿੱਤ ਨਾਲ ਜੁੜੇ ਮੁਦਿਆਂ 'ਤੇ ਚਰਚਾ ਹੋਣੀ ਹੈ। ਫ਼ਿਰ ਤੁਸੀਂ  (ਹੰਗਾਮਾ ਕਰ ਰਹੇ ਮੈਂਬਰ) ਕਿਉਂ ਤਿਆਰ ਨਹੀਂ ਹੋ? 

ਜ਼ਿਕਰਯੋਗ ਹੈ ਕਿ ਸਦਨ ਦੀ ਵਿਵਸਧਾ ਬਣਾਈ ਰੱਖਣ ਦੀ ਅਪੀਲ ਦੇ ਬਾਵਜੂਦ ਵੀ ਹੰਗਾਮਾ ਜਾਰੀ ਰਹਿਣ 'ਤੇ ਚੇਅਰਮੈਨ ਨੇ ਕਰੀਬ 11.15 'ਤੇ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ। ਗ਼ੌਰਤਲਬ ਹੈ ਕਿ ਸਰਦਰੁੱਤ ਇਜਲਾਸ ਸ਼ੁਰੂ ਹੋਣ ਤੋਂ ਬਾਅਦ ਹੀ ਉੱਚ ਸਦਨ 'ਚ ਵੱਖ ਵੱਖ ਮੁਦਿਆਂ 'ਤੇ ਹੰਗਾਮੇ ਕਾਰਨ ਲਗਾਤਾਰ ਰੁਕਾਵਟ ਬਣੀ ਹੋਈ ਹੈ। ਹੰਗਾਮੇ ਕਾਰਨ ਪ੍ਰਸ਼ਨਕਾਲ ਅਤੇ ਸਿਫ਼ਰਕਾਲ ਵੀ ਸੁਚਾਰੂ ਢੰਗ ਨਾਲ ਨਹੀਂ ਚੱਲ ਸਕਿਆ।  (ਪੀਟੀਆਈ)