ਕੀ ਤੁਸੀਂ ਰਾਜਨਾਥ ਸਿੰਘ ਨੂੰ ਵਿਆਹ ਦਾ ਮਾਹਰ ਮੰਨਦੇ ਹੋ?

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ 'ਚ ਰਾਸ਼ਟਰਪਤੀ ਰਾਜ ਲਿਆਉਣ ਦੇ ਮੁੱਦੇ 'ਤੇ ਲੋਕਸਭਾ ਵਿਚ ਸ਼ੁਕਰਵਾਰ ਨੂੰ ਚਰਚਾ ਦੌਰਾਨ ਉਸ ਸਮੇਂ ਪੂਰੇ ਸਦਨ ਵਿਚ ਹਾਸਾ ਪੈ ਗਿਆ...........

Rajnath Singh

ਨਵੀਂ ਦਿੱਲੀ : ਜੰਮੂ ਕਸ਼ਮੀਰ 'ਚ ਰਾਸ਼ਟਰਪਤੀ ਰਾਜ ਲਿਆਉਣ ਦੇ ਮੁੱਦੇ 'ਤੇ ਲੋਕਸਭਾ ਵਿਚ ਸ਼ੁਕਰਵਾਰ ਨੂੰ ਚਰਚਾ ਦੌਰਾਨ ਉਸ ਸਮੇਂ ਪੂਰੇ ਸਦਨ ਵਿਚ ਹਾਸਾ ਪੈ ਗਿਆ ਜਦੋਂ ਸਪੀਕਰ ਸੁਮਿਤਰਾ ਮਹਾਜਨ ਨੇ ਟਿੱਪਣੀ ਕੀਤੀ ਕਿ ਕੀ ਤੁਸੀਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਵਿਆਹ ਦਾ ਮਾਹਰ ਮੰਨਦੇ ਹੋ? ਹੋਇਆ ਕੁਝ ਇਸ ਤਰਾਂ ਕਿ ਜੰਮੂ ਕਸ਼ਮੀਰ ਵਿਚ ਰਾਸ਼ਟਰਪਤੀ ਰਾਜ  ਲਾਗੂ ਕੀਤੇ ਜਾਣ ਸਬੰਧੀ  ਸੰਵਿਧਾਨਕ ਰੈਜ਼ੋਲਿਊਸ਼ਨ 'ਤੇ ਚਰਚਾ ਦੌਰਾਨ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਸੂਬੇ ਵਿਚ ਭਾਜਪਾ ਅਤੇ ਪੀਡੀਪੀ ਦੇ ਗਠਬੰਧਨ ਨੂੰ ਗੈਰ-ਕੁਦਰਤੀ ਵਿਆਹ (ਅਨੈਚੁਰਲ ਮੈਰਿਜ) ਦਸਿਆ ਸੀ।

ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜਦੋਂ ਚਰਚਾ ਵਿਚ ਦਖ਼ਲਅੰਦਾਜ਼ੀ ਕੀਤੀ ਤਾਂ ਉਨ੍ਹਾਂ ਨੇ ਥਰੂਰ ਦੀ ਇਸ ਟਿੱਪਣੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਨਾ ਤਾਂ ਕੁਦਰਤੀ ਵਿਆਹ ਹੈ ਨਾ ਹੀ ਗੈਰ-ਕੁਦਰਤੀ ਨੂੰ ਪ੍ਰਭਾਸ਼ਿਤ ਕਰ ਸਕਦੇ ਹਨ। ਰਾਜ ਵਿਚ ਭਾਜਪਾ ਅਤੇ ਪੀਡੀਪੀ ਵਲੋਂ ਮਿਲ ਕੇ ਸਰਕਾਰ ਬਣਾਉਣ ਸਬੰਧੀ ਥਰੂਰ ਦੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਤੁਸੀਂ ਇਸ ਨੂੰ ਗੈਰ ਕੁਦਰਤੀ ਵਿਆਹ ਕਹੋ ਜਾਂ ਕੁਝ ਵੀ ਕਹੋ। ਜਿਸ ਨੂੰ 'ਨੈਚੁਰਲ ਮੈਰਿਜ' ਕਿਹਾ ਜਾਂਦਾ ਹੈ ਉਹ ਵੀ ਕਦੋਂ ਟੁੱਟ ਜਾਵੇ, ਕੁਝ ਪਤਾ ਨਹੀਂ। ਉਨ੍ਹਾਂ ਦੇ ਇਹ ਕਹਿਣ ਮਗਰੋਂ ਥਰੂਰ ਸਣੇ ਕੁਝ ਮੈਂਬਰਾਂ ਨੇ ਵਿਆਹ ਸਬੰਧੀ ਟੀਕਾ ਟਿੱਪਣੀ ਸ਼ੁਰੂਕਰ ਦਿਤੀ।

ਇਸ 'ਤੇ ਸਪੀਕਰ ਸੁਮਿਤਰਾ ਮਹਾਜਨ ਨੇ ਮੈਂਬਰਾਂ ਨੂੰ ਕਿਹਾ ਕਿ ਕੀ ਉਹ ਉਨ੍ਹਾਂ ਨੂੰ (ਗ੍ਰਹਿ ਮੰਤਰੀ ਸਿੰਘ ਨੂੰ) ਵਿਆਹ ਦਾ ਮਾਹਰ ਮੰਨਦੇ ਹਨ?' ਮਹਾਜਨ ਦੀ ਇਸ ਛੋਟੀ ਜਿਹੀ ਟਿੱਪਣੀ 'ਤੇ ਸਦਨ ਵਿਚ ਹਾਸਾ ਪੈ ਗਿਆ। ਇਸ ਤੋਂ ਬਾਅਦ ਭਾਜਪਾ ਮੈਂਬਰਾਂ ਦੇ ਹਾਸੇ 'ਤੇ ਨੈਸ਼ਨਲ ਕਾਨਫ਼ਰੰਸ ਦੇ  ਫਾਰੁਕ ਅਬਦੁੱਲਾ ਨੇ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਸ਼ਰਮ ਆਉਣੀ ਚਾਹੀਦੀ ਹੈ।

ਇਸ ਦਾ ਭਾਜਪਾ ਮੈਂਬਰਾਂ ਨੇ ਵਿਰੋਧ ਕੀਤਾ। ਪਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅਪਣੀ ਪਾਰਟੀ ਦੇ ਮੈਂਬਰਾਂ ਨੂੰ ਟੋਕਦਿਆਂ ਕਿਹਾ ਕਿ ਉਹ: ਫਾਰੂਕ, ਸਦਨ ਦੇ ਸੀਨੀਅਰ ਮੈਂਬਰ ਹਨ, ਜੇਕਰ ਉਨ੍ਹਾਂ ਕੁਝ ਕਿਹਾ ਹੈ ਤਾਂ ਇਸ 'ਤੇ ਕੋਈ ਪ੍ਰਤੀਕਿਰਿਆ ਦੇਣ ਦੀ ਜ਼ਰੂਰਤ ਨਹੀਂ ਹੈ। ਇਸ 'ਤੇ ਫਾਰੂਕ ਅਬਦੁੱਲਾ ਨੇ 'ਧੰਨਵਾਦ' ਕਿਹਾ। (ਪੀਟੀਆਈ)