ਭਾਰਤੀ ਕਾਨੂੰਨ ਦਾ ਉਲੰਘਣ ਕਰਨ ਵਾਲੇ ਵਿਦੇਸ਼ੀ ਪੱਤਰਕਾਰ ਸਜ਼ਾ ਦੇ ਹੱਕਦਾਰ ਹੋਣਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਸਾਰੇ ਵਿਦੇਸ਼ੀਆਂ ਨੂੰ ਭਾਰਤੀ ਕਾਨੂੰਨ ਦਾ ਸਨਮਾਨ ਕਰਨਾ ਪਏਗਾ.......

Ministry of Home Affairs

ਨਵੀਂ ਦਿੱਲੀ : ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਸਾਰੇ ਵਿਦੇਸ਼ੀਆਂ ਨੂੰ ਭਾਰਤੀ ਕਾਨੂੰਨ ਦਾ ਸਨਮਾਨ ਕਰਨਾ ਪਏਗਾ ਅਤੇ ਜੋ ਵਿਦੇਸ਼ੀ ਕਾਨੂੰਨ ਦਾ ਉਲੰਘਨ ਕਰੇਗਾ ਉਹ ਸਜ਼ਾ ਦਾ ਹੱਕਦਾਰ ਹੋਵੇਗਾ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਸਦਾ ਲਈ ਕਾਲੀ ਸੂਚੀ ਵਿਚ ਪਾ ਦਿਤਾ ਜਾਵੇਗਾ।
ਅਧਿਕਾਰੀ ਦਾ ਇਹ ਬਿਆਨ ਵੀਜ਼ਾ ਨਿਯਮਾਂ ਦਾ ਉਲੰਘਨ ਕਰਨ ਦੇ ਦੋਸ਼ 'ਚ ਰਾਏਟਰਸ ਦੇ ਇਕ ਪੱਤਰਕਾਰ ਨੂੰ ਭਾਰਤ 'ਚ ਦਾਖ਼ਲ ਹੋਣ ਦੀ ਮਨਜ਼ੂਰੀ ਨਾ ਦੇਣ ਤੋਂ ਬਾਅਦ ਆਇਆ ਹੈ।

ਨਿਊਜ਼ ਏਜੰਸੀ ਦੇ ਦਿੱਲੀ ਸਥਿਤ ਦਫ਼ਤਰ ਵਿਚ ਮੁੱਖ ਫ਼ੋਟੋਗ੍ਰਾਫ਼ਰ ਕੈਥਲ ਮੈਕਨਾਟਨ ਨੂੰ ਵਿਦੇਸ਼ ਯਾਤਰਾ ਤੋਂ ਇਥੇ ਪਹੁੰਚਣ ਮਗਰੋਂ ਹਵਾਈ ਅੱਡੇ ਤੋਂ ਵਾਪਸ ਭੇਜ ਦਿਤਾ ਗਿਆ ਸੀ। ਅਧਿਕਾਰੀ ਨੇ ਦਸਿਆ ਕਿ ਇਹ ਸਥਾਈ ਨਹੀਂ ਹੈ ਅਤੇ ਛੇ ਮਹੀਨੇ ਜਾਂ ਸਾਲ ਬਾਅਦ ਇਸ ਦੀ ਪੜਤਾਲ ਕੀਤੀ ਜਾ ਸਕਦੀ ਹੈ। ਅਧਿਕਾਰੀ ਨੇ ਕਿਹਾਕਿ ਸਭ ਨੂੰ ਕਾਨੂੰਨ ਦਾ ਪਾਲਨ ਕਰਨਾ ਪਏਗਾ। ਕਾਨੂੰਨ ਦਾ ਉਲੰਘਨ ਕਰਨ 'ਤੇ ਨਤੀਜੇ ਸਭ ਲਈ ਇਕੋ ਜਿਹੇ ਹਨ। ਵਿਦੇਸ਼ੀਆਂ ਨੂੰ ਭਾਰਤੀ ਕਾਨੂੰਨ ਦਾ ਆਦਰ ਕਰਨਾ ਚਾਹੀਦਾ ਹੈ।

ਜੇਕਰ ਕੋਈ ਭਾਰਤੀ ਵਿਦੇਸ਼ ਯਾਤਰਾ ਕਰਦਾ ਹੈ ਤਾਂ ਉਸ ਦੇਸ਼ ਦੇ ਕਾਨੂੰਨ ਦਾ ਪਾਲਨ ਕਰਦਾ ਹੈ ਅਤੇ ਉਸ ਦਾ ਉਲੰਘਨ ਕਰਨ 'ਤੇ ਸਜ਼ਾ ਦਾ ਹੱਕਦਾਰ ਹੁੰਦਾ ਹੈ। ਆਈਰਿਸ਼ ਨਾਗਰਿਕ ਮੈਕਨਾਟਨ ਨੂੰ ਮਈ 2018 ਵਿਚ ਪੁਲਿਟਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਕਥਿਤ ਤੌਰ 'ਤੇ ਜੰਮੂ ਕਸ਼ਮੀਰ ਵਿਚ ਬਿਨਾ ਮਨਜ਼ੂਰੀ ਦੇ ਪਾਬੰਧੀ ਸ਼ੁਦਾ ਇਲਾਕਿਆਂ ਦੀ ਯਾਤਰਾ ਕੀਤੀ। ਉਨ੍ਹਾਂ ਨੇ ਕਾਨੂੰਨੀ ਮਨਜ਼ੂਰੀ ਦੇ ਬਿਨਾਂ ਸੂਬੇ ਤੋਂ ਰਿਪੋਰਟ ਵੀ ਭੇਜੀ। ਅਧਿਕਾਰੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੇ ਕੁਝ ਪੁਰਸਕਾਰ ਜਿੱਤੇ ਹਨ ਪਰ ਇਹ ਉਨ੍ਹਾਂ ਨੂੰ ਭਾਰਤੀ ਕਾਨੂੰਨ ਦਾ ਉਲੰਘਨ ਕਰਨ ਦੀ ਆਗਿਆ ਨਹੀਂ ਦਿੰਦਾ।

ਵਿਦੇਸ਼ ਮੰਤਰਾਲੇ ਨਿਯਮਤ ਰੂਪ ਵਿਚ ਵਿਦੇਸ਼ੀ ਪੱਤਰਕਾਰਾਂ ਨੂੰ ਭਾਰਤ ਦੇ ਨਿਯਮਾਂ ਸਬੰਧੀ ਜਾਣਕਾਰੀ ਦਿੰਦੇ ਰਹਿੰਦੇ ਹਨ। ਕੁਝ ਸਥਾਨਾਂ 'ਤੇ ਵਿਦੇਸ਼ੀ ਨਾਗਰਿਕਾ ਨੂੰ ਜਾਣ ਦੀ ਮਨਜ਼ੂਰੀ ਲੈਣ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਆਉਣ ਦੀ ਮਨਜ਼ੂਰੀ ਨਹੀ ਮਿਲਦੀ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਸਦਾ ਲਈ ਹੀ ਕਾਲੀ ਸੂਚੀ ਵਿਚ ਪਾ ਦਿਤਾ ਗਿਆ ਹੈ ਛੇ ਮਹੀਨੇ ਜਾਂ ਸਾਲ ਮਗਰੋਂ ਉਸ ਦੀ  ਪੜਤਾਲ ਕੀਤੀ ਜਾ ਸਕਦੀ ਹੈ। (ਪੀਟੀਆਈ)