ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿਚ ਹੱਡ ਚੀਰਵੀ ਠੰਡ ਦਾ ਕਹਿਰ ਜਾਰੀ
ਕਈ ਥਾਵਾਂ 'ਤੇ ਛਾਈ ਹੋਈ ਹੈ ਸੰਘਣੀ ਧੁੰਦ
ਚੰਡੀਗੜ੍ਹ : ਪੂਰੇ ਉੱਤਰ ਭਾਰਤ ਵਿਚ ਠੰਡ ਆਪਣਾ ਕਹਿਰ ਦਿਖਾ ਰਹੀ ਹੈ। ਪਹਾੜਾਂ ਤੋ ਲੈ ਕੇ ਮੈਦਾਨੀ ਇਲਾਕਿਆਂ ਵਿਚ ਹੱਡ ਚੀਰਵੀ ਠੰਡ ਪੈ ਰਹੀ ਹੈ। ਉੱਤਰ ਭਾਰਤ ਦੇ ਕੁੱਝ ਸੂਬਿਆਂ ਵਿਚ ਤਾਂ ਪਾਰਾ ਇਸ ਸਮੇਂ ਚਾਰ ਤੋਂ ਤਿੰਨ ਡਿਗਰੀ ਤੱਕ ਪਹੁੰਚ ਗਿਆ ਹੈ। ਪੰਜਾਬ, ਹਰਿਆਣਾ, ਦਿੱਲੀ ਅਤੇ ਯੂਪੀ ਵਿਚ ਠੰਡ ਨੇ ਲੋਕਾਂ ਨੂੰ ਠਾਰ ਕੇ ਰੱਖ ਦਿੱਤਾ ਹੈ।
ਪੰਜਾਬ ਦੇ ਅਮ੍ਰਿਤਸਰ , ਬਠਿੰਡਾ ਅਤੇ ਜਲੰਧਰ ਵਰਗੇ ਸ਼ਹਿਰਾਂ ਵਿਚ ਪਾਰਾ 3 ਤੋਂ 4 ਡਿਗਰੀ ਤੱਕ ਦਰਜ ਕੀਤਾ ਗਿਆ ਜਦਕਿ ਮੋਹਾਲੀ ਅਤੇ ਰਾਜਧਾਨੀ ਚੰਡੀਗੜ੍ਹ ਵਿਚ ਪਾਰਾ ਇਸ ਸਮੇਂ 5 ਤੋਂ 4 ਡਿਗਰੀ ਤੱਕ ਪਹੁੰਚ ਗਿਆ ਹੈ। ਹਰਿਆਣਾ ਦੇ ਹਿਸਾਰ ਵਿਚ ਵੀ ਪਾਰਾ ਇਸ ਵੇਲੇ 4 ਡਿਗਰੀ 'ਤੇ ਹੈ। ਦੂਜੇ ਪਾਸੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੀ ਪਾਰਾ 5 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ। ਸ਼ਿਮਲਾ ਵਿਚ ਤਾਂ ਪਾਰਾ ਡਿੱਗ ਕੇ ਇਸ ਵੇਲੇ -1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।
ਠੰਡ ਨੇ ਲੋਕਾਂ ਦਾ ਜੀਵਨ ਅਸਤ-ਵਿਅਸਤ ਕੀਤਾ ਹੋਇਆ ਹੈ। ਪੰਜਾਬ ਵਿਚ ਤਾਂ ਤੜਕੇ ਸਵੇਰ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਹੈ। ਸੰਘਣੀ ਧੁੰਦ ਅਤੇ ਸੁੱਕੇ ਕੋਰੇ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਕੀਤਾ ਹੋਇਆ ਹੈ। ਪੂਰੇ ਉੱਤਰ ਭਾਰਤ ਵਿਚ ਸੀਤ ਲਹਿਰ ਆਪਣਾ ਜ਼ੋਰ ਦਿਖਾ ਰਹੀ ਹੈ।
ਠੰਡ ਦਾ ਅਸਰ ਨਾਂ ਕੇਵਲ ਲੋਕਾਂ 'ਤੇ ਪਿਆ ਹੈ ਬਲਕਿ ਇਸ ਨੇ ਅਵਾਜ਼ਾਈ ਦੀ ਰਫਤਾਰ ਨੂੰ ਵੀ ਬ੍ਰੇਕ ਲਗਾ ਦਿੱਤਾ ਹੈ। ਟਰੇਨਾਂ ਵੀ ਆਪਣੇ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਬਾਹਰ ਲੋਕ ਸੜਕਾਂ 'ਤੇ ਅੱਗ ਜਲਾ ਕੇ ਠੰਡ ਤੋਂ ਬੱਚਣ ਦੀ ਕੋਸ਼ਿਸ਼ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਠੰਡ ਦੇ ਕਹਿਰ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ।