ਸਟੈਚੂ ਆਫ਼ ਯੂਨਿਟੀ ਨੇੜੇ ਅੱਗ 'ਚ ਸੁਆਹ ਹੋਏ 15 ਇਲੈਕਟ੍ਰਿਕ ਆਟੋ ਰਿਕਸ਼ਾ 

ਏਜੰਸੀ

ਖ਼ਬਰਾਂ, ਰਾਸ਼ਟਰੀ

90 ਤੋਂ ਵੱਧ ਇਲੈਕਟ੍ਰਿਕ ਆਟੋ-ਰਿਕਸ਼ਿਆਂ ਦੇ ਬੇੜੇ ਦਾ ਪ੍ਰਬੰਧਨ ਇੱਕ ਨਿੱਜੀ ਕੰਪਨੀ ਕਰਦੀ ਹੈ 

Representative Image

 

ਅਹਿਮਦਾਬਾਦ - ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿੱਚ ਸਥਿਤ ‘ਸਟੈਚੂ ਆਫ਼ ਯੂਨਿਟੀ’ ਦੇ ਆਲੇ-ਦੁਆਲੇ ਸੈਲਾਨੀਆਂ ਨੂੰ ਲਿਜਾਣ ਲਈ ਵਰਤੇ ਜਾਂਦੇ 15 ਇਲੈਕਟ੍ਰਿਕ ਆਟੋ ਰਿਕਸ਼ਾ ਵੀਰਵਾਰ ਸਵੇਰੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।

'ਸਟੈਚੂ ਆਫ਼ ਯੂਨਿਟੀ' ਏਰੀਆ ਡਿਵੈਲਪਮੈਂਟ ਐਂਡ ਟੂਰਿਜ਼ਮ ਐਡਮਨਿਸਟ੍ਰੇਸ਼ਨ ਅਥਾਰਟੀ ਨੇ ਹਾਲਾਂਕਿ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਕਿ ਆਟੋ-ਰਿਕਸ਼ਾ 'ਚ ਅੱਗ ਬੈਟਰੀ ਚਾਰਜ ਕਰਨ ਦੌਰਾਨ ਲੱਗੀ। 

ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਨਿੱਜੀ ਕੰਪਨੀ ਸਟੈਚੂ ਆਫ਼ ਯੂਨਿਟੀ ਦਾ ਦੌਰਾ ਕਰਨ ਵਾਲੇ ਸੈਲਾਨੀਆਂ ਲਈ 90 ਤੋਂ ਵੱਧ ਇਲੈਕਟ੍ਰਿਕ ਆਟੋ-ਰਿਕਸ਼ਿਆਂ ਦੇ ਬੇੜੇ ਦਾ ਪ੍ਰਬੰਧਨ ਕਰਦੀ ਹੈ, ਅਤੇ ਸਥਾਨਕ ਆਦਿਵਾਸੀ ਔਰਤਾਂ ਨੂੰ ਡਰਾਈਵਰ ਵਜੋਂ ਨੌਕਰੀ ਦਿੰਦੀ ਹੈ।

ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਵੀਰਵਾਰ ਸਵੇਰੇ, ਕੇਵੜੀਆ ਪਿੰਡ ਨੇੜੇ ਇੱਕ ਚਾਰਜਿੰਗ ਸਟੇਸ਼ਨ 'ਤੇ ਖੜ੍ਹੇ 15 ਆਟੋ-ਰਿਕਸ਼ਾ ਨੂੰ ਅਣਜਾਣੇ ਕਾਰਨਾਂ ਕਰਕੇ ਅੱਗ ਲੱਗ ਗਈ। ਉਹ ਆਟੋ ਚਾਰਜਿੰਗ ਸਟੇਸ਼ਨ ਤੋਂ 35 ਫੁੱਟ ਦੀ ਦੂਰੀ 'ਤੇ ਖੜ੍ਹੇ ਸਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਬੈਟਰੀ ਚਾਰਜ ਕਰਦੇ ਸਮੇਂ ਉਨ੍ਹਾਂ ਨੂੰ ਅੱਗ ਨਹੀਂ ਲੱਗੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਸਥਾਨਕ ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਅੱਗ ਨੂੰ ਨੇੜੇ ਖੜ੍ਹੇ ਹੋਰ ਇਲੈਕਟ੍ਰਿਕ ਥ੍ਰੀ-ਵ੍ਹੀਲਰਾਂ ਤੱਕ ਫ਼ੈਲਣ ਤੋਂ ਪਹਿਲਾਂ ਹੀ ਬੁਝਾ ਦਿੱਤੀ। ਅਥਾਰਟੀ ਨੇ ਕਿਹਾ ਕਿ ਪ੍ਰਾਈਵੇਟ ਕੰਪਨੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਦੀ ਬੇਨਤੀ ਕੀਤੀ ਹੈ।

ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਦੀ ਮੂਰਤੀ 'ਸਟੈਚੂ ਆਫ਼ ਯੂਨਿਟੀ' ਵਡੋਦਰਾ ਸ਼ਹਿਰ ਤੋਂ 100 ਕਿਲੋਮੀਟਰ ਦੂਰ ਕੇਵੜੀਆ ਨੇੜੇ ਸਥਿਤ ਹੈ। ਇੱਕ ਸੌ 82 ਮੀਟਰ ਉੱਚੀ ਇਸ ਮੂਰਤੀ ਨੂੰ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਦੱਸਿਆ ਜਾਂਦਾ ਹੈ।