ਦਿੱਲੀ-ਐਨ.ਸੀ.ਆਰ.’ਚ ਸੰਘਣੀ ਧੁੰਦ ਦਾ ਕਹਿਰ ਜਾਰੀ
ਇੰਡੀਗੋ ਏਅਰਲਾਈਨ ਨੇ ਯਾਤਰੀਆਂ ਨੂੰ ਹਵਾਈ ਅੱਡੇ ’ਤੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਜਾਂਚਣ ਦੀ ਦਿੱਤੀ ਸਲਾਹ
ਨਵੀਂ ਦਿੱਲੀ : ਸੰਘਣੀ ਧੁੰਦ ਅਤੇ ਵਧਦੇ ਪ੍ਰਦੂਸ਼ਣ ਨੇ ਦਿੱਲੀ-ਐਨ.ਸੀ.ਆਰ. ’ਚ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਐਤਵਾਰ ਦੇਰ ਰਾਤ ਤੋਂ ਰਾਜਧਾਨੀ ਅਤੇ ਆਸਪਾਸ ਦੇ ਇਲਾਕਿਆਂ ’ਚ ਸੰਘਣੀ ਧੁੰਦ ਦੀ ਮੋਟੀ ਚਾਦਰ ਛਾਈ ਹੋਈ ਹੈ,ਜਿਸ ਕਾਰਨ ਵਿਜੀਬਿਲਟੀ ਕਾਫੀ ਘੱਟ ਹੋ ਗਈ ਹੈ ਅਤੇ ਕਈ ਥਾਵਾਂ ’ਤੇ ਵਿਜੀਬਿਲਟੀ ਲਗਭਗ ਜ਼ੀਰੋ ਹੋ ਗਈ ਹੈ। ਮੌਸਮ ਵਿਭਾਗ ਨੇ ਸਥਿਤੀ ਨੂੰ ਦੇਖਦੇ ਹੋਏ ਆਰੇਂਜ ਅਲਰਟ ਜਾਰੀ ਕੀਤਾ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਦਿੱਲੀ-ਐਨ.ਸੀ.ਆਰ. ’ਤੇ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦੇ ਨਾਲ -ਨਾਲ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ’ਤੇ ਪਹੁੰਚ ਗਿਆ ਹੈ, ਜਿਸ ਦੀ ਮਾਰ ਐਨ.ਸੀ.ਆਰ. ਝੱਲ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ 390 ਦਰਜ ਕੀਤਾ ਗਿਆ, ਜੋ ਬਹੁਤ ਖਰਾਬ ਸ਼੍ਰੇਣੀ ’ਚ ਆਉਂਦਾ ਹੈ ਜਦਕਿ ਦੇਰ ਰਾਤ ਇਹ 400 ਤੋਂ ਪਾਰ ਚਲਾ ਗਿਆ।
ਖਰਾਬ ਮੌਸਮ ਦਾ ਸਿੱਧਾ ਅਸਰ ਹਵਾਈ ਉਡਾਣਾਂ ’ਤੇ ਵੀ ਪੈ ਰਿਹਾ ਹੈ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਯਾਤਰੀਆਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਹਵਾਈ ਅੱਡਾ ਅਧਿਕਾਰੀਆਂ ਅਨੁਸਾਰ ਸੰਘਣੀ ਧੁੰਦ ਦੇ ਕਾਰਨ ਉਡਾਣਾਂ ’ਚ ਦੇਰੀ ਅਤੇ ਰੱਦ ਹੋਣ ਦੀ ਸੰਭਾਵਨਾ ਹੈ। ਯਾਤਰੀਆਂ ਨੂੰ ਹਵਾਈ ਅੱਡੇ ’ਤੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਜਾਂਚਣ ਦੀ ਸਲਾਹ ਦਿੱਤੀ ਗਈ ਹੈ। ਇੰਡੀਗੋ ਏਅਰਲਾਈਨ ਨੇ ਆਪਣੀ ਯਾਤਰੀਆਂ ਨੂੰ ਹਵਾਈ ਅੱਡੇ ’ਤੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤ ਜਾਚਣ ਦੀ ਸਲਾਹ ਦਿੱਤੀ ਹੈ।