ਨਵੀਂ ਦਿੱਲੀ, 22 ਦਸੰਬਰ : 2ਜੀ ਘੁਟਾਲਾ ਮਾਮਲੇ ਵਿਚ ਬਰੀ ਹੋਣ ਤੋਂ ਇਕ ਦਿਨ ਬਾਅਦ ਸਾਬਕਾ ਦੂਰਸੰਚਾਰ ਮੰਤਰੀ ਏ ਰਾਜਾ ਨੇ ਅੱਜ ਦਾਅਵਾ ਕੀਤਾ ਕਿ ਇਹ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੂੰ ਡੇਗਣ ਦੀ ਸਾਜ਼ਸ਼ ਸੀ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਇਥੋਂ ਤਕ ਕਿ ਵੇਲੇ ਦੀ ਕੇਂਦਰ ਸਰਕਾਰ ਇਸ ਨੂੰ ਸਮਝ ਨਹੀਂ ਸਕੀ। ਡੀਐਮਕੇ ਮੁਖੀ ਐਮ ਕਰੁਣਾਨਿਧੀ ਨੂੰ ਲਿਖੀ ਚਿੱਠੀ ਵਿਚ ਰਾਜਾ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਇਸ ਮਾਮਲੇ ਵਿਚ ਕੁੱਝ ਤਾਕਤਾਂ ਦੀ ਸਾਜ਼ਸ਼ ਸੀ। ਉਨ੍ਹਾਂ ਕਿਹਾ ਕਿ ਇਹ ਤਾਕਤਾਂ ਉਸ ਵਕਤ ਉਨ੍ਹਾਂ ਦੇ ਖੇਤਰੀ ਦਲ ਨੂੰ ਰਾਸ਼ਟਰੀ ਰਾਜਨੀਤੀ ਵਿਚ ਬਰਦਾਸ਼ਤ ਨਹੀਂ ਕਰ ਸਕਦੀਆਂ ਸਨ। ਜ਼ਿਕਰਯੋਗ ਹੈ ਕਿ ਯੂਪੀਏ 1 ਸਰਕਾਰ ਵਿਚ 2004 ਤੋਂ 2009 ਦੌਰਾਨ ਡੀਐਮਕੇ ਭਾਈਵਾਲ ਸੀ। ਉਸ ਵਕਤ ਰਾਜਾ ਦੂਰਸੰਚਾਰ ਮੰਤਰੀ ਸੀ ਅਤੇ ਉਹ ਯੂਪੀਏ 2 ਵਿਚ ਸਾਲ 2013 ਤਕ ਇਸ ਅਹੁਦੇ 'ਤੇ ਰਹੇ।
ਰਾਜਾ ਨੇ ਸਾਜ਼ਸ਼ ਪਿੱਛੇ ਮੌਜੂਦ ਕਿਸੇ ਵਿਅਕਤੀ ਦਾ ਨਾਮ ਲਏ ਬਿਨਾਂ ਕਿਹਾ ਕਿ ਇਹ ਅਫ਼ਸੋਸਨਾਕ ਹੈ ਕਿ ਯੂਪੀਏ ਸਰਕਾਰ ਖ਼ੁਦ ਨੂੰ ਮਾਤ ਦੇਣ ਦੀ ਸਾਜ਼ਸ਼ ਵਿਚ ਫਸੀ ਅਤੇ ਸਰਕਾਰ ਖ਼ੁਦ ਸਪੈਕਟਰਮ ਮੁੱਦੇ ਦਾ ਸੱਚ ਉਜਾਗਰ ਨਹੀਂ ਕਰ ਸਕੀ। ਰਾਜਾ ਨੇ ਕਿਹਾ ਕਿ ਸਰਕਾਰ ਸਾਜ਼ਸ਼ ਨੂੰ ਮਹਿਸੂਸ ਕਰਨ ਵਿਚ ਖ਼ੁਦ ਨਾਕਾਮ ਰਹੀ ਸੀ ਜਦਕਿ ਖ਼ੁਫ਼ੀਆ ਇਕਾਈ ਇਸ ਤਹਿਤ ਆਉਂਦੀ ਹੈ। ਉਨ੍ਹਾਂ ਕਿਹਾ ਕਿ ਕੁੱਝ ਦੂਰਸੰਚਾਰ ਕੰਪਨੀਆਂ ਦਾ ਗਰੋਹ ਉਨ੍ਹਾਂ ਦੀ ਨੀਤੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਸੀ। ਉਨ੍ਹਾਂ ਦੀ ਨੀਤੀ ਕਾਰਨ ਹੀ ਲੋਕਾਂ ਨੂੰ ਹੁਣ ਅਪਣੇ ਸਮਾਰਟਫ਼ੋਨ 'ਤੇ ਵਟਸਐਪ ਅਤੇ ਟਵਿਟਰ ਜਿਹੀਆਂ ਸਹੂਲਤਾਂ ਮਿਲ ਰਹੀਆਂ ਹਨ। ਵਿਸ਼ੇਸ਼ ਸੀਬੀਆਈ ਅਦਾਲਤ ਨੇ 2 ਜੀ ਘਪਲੇ ਦੇ ਕੇਸ ਵਿਚ ਕਲ ਸਾਰੇ ਮੁਲਜ਼ਮ ਬਰੀ ਕਰ ਦਿਤੇ। (ਏਜੰਸੀ)