30 ਹਜ਼ਾਰ ਤੋਂ ਡਿੱਗਾ ਸੋਨਾ, ਚਾਂਦੀ ਵੀ ਹੋਈ ਸਸਤੀ

ਖ਼ਬਰਾਂ, ਰਾਸ਼ਟਰੀ

ਕੌਮਾਂਤਰੀ ਬਾਜ਼ਾਰਾਂ 'ਚ ਕਮਜ਼ੋਰ ਰੁਝਾਨ ਅਤੇ ਘਰੇਲੂ ਮੰਗ ਸੁਸਤ ਪੈਣ ਨਾਲ ਸੋਨਾ 30,000 ਰੁਪਏ ਤੋਂ ਹੇਠਾਂ ਆ ਗਿਆ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 100 ਰੁਪਏ ਦੀ ਗਿਰਾਵਟ ਨਾਲ 29,950 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਹ ਤਿੰਨ ਮਹੀਨਿਆਂ 'ਚ ਸੋਨੇ ਦੀ ਘੱਟ ਕੀਮਤ ਹੈ। ਬੀਤੇ ਕੱਲ ਯਾਨੀ ਬੁੱਧਵਾਰ ਨੂੰ ਇਸ 'ਚ 200 ਰੁਪਏ ਦੀ ਗਿਰਾਵਟ ਆਈ ਸੀ ਅਤੇ ਇਹ 30,050 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਸੀ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਕੌਮਾਂਤਰੀ ਪੱਧਰ 'ਤੇ ਸੋਨੇ 'ਤੇ ਦਬਾਅ ਅਤੇ ਘਰੇਲੂ ਬਾਜ਼ਾਰ 'ਚ ਗਹਿਣਾ ਮੰਗ ਕਮਜ਼ੋਰ ਹੋਣ ਨਾਲ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਉੱਥੇ ਹੀ, ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਅੱਜ ਫਿਰ ਸੁਸਤ ਰਹੀ, ਜਿਸ ਕਾਰਨ ਚਾਂਦੀ 375 ਰੁਪਏ ਡਿੱਗ ਕੇ 38,125 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਕੌਮਾਂਤਰੀ ਪੱਧਰ 'ਤੇ ਸਿੰਗਾਪੁਰ 'ਚ ਸੋਨਾ 0.45 ਫੀਸਦੀ ਦੀ ਗਿਰਾਵਟ ਨਾਲ 1,257.10 ਡਾਲਰ ਪ੍ਰਤੀ ਔਂਸ ਅਤੇ ਚਾਂਦੀ 0.31 ਫੀਸਦੀ ਡਿੱਗ ਕੇ 15.87 ਡਾਲਰ ਪ੍ਰਤੀ ਔਂਸ 'ਤੇ ਆ ਗਈਰਾਸ਼ਟਰੀ ਰਾਜਧਾਨੀ ਦਿੱਲੀ 'ਚ 99.5 ਫੀਸਦੀ ਸ਼ੁੱਧ ਸੋਨੇ ਦੀ ਕੀਮਤ ਵੀ 100 ਰੁਪਏ ਘਟਦੇ ਹੋਏ 29,800 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ। ਪਿਛਲੀ ਵਾਰ ਸੋਨੇ ਦਾ ਇਹ ਪੱਧਰ 26 ਅਗਸਤ ਨੂੰ ਦੇਖਿਆ ਗਿਆ ਸੀ। ਇਸੇ ਤਰ੍ਹਾਂ 8 ਗ੍ਰਾਮ ਵਾਲੀ ਗਿੰਨੀ ਵੀ 100 ਰੁਪਏ ਕਮਜ਼ੋਰ ਪੈ ਕੇ 24,400 ਰੁਪਏ 'ਤੇ ਆ ਗਈ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ 'ਚ ਜਾਰੀ ਤੇਜ਼ੀ ਨਾਲ ਸੋਨੇ 'ਤੇ ਦਬਾਅ ਹੈ। ਅਮਰੀਕਾ 'ਚ ਟੈਕਸ ਸੁਧਾਰ ਸੰਬੰਧੀ ਬਿੱਲ ਪਾਸ ਹੋਣ ਨੂੰ ਲੈ ਕੇ ਨਿਵੇਸ਼ਕਾਂ 'ਚ ਉਮੀਦ ਮਜ਼ਬੂਤ ਹੋਣ ਨਾਲ ਡਾਲਰ ਚੜ੍ਹਿਆ ਹੈ। ਜਿਸ ਕਰਕੇ ਸੋਨੇ ਦੀ ਮੰਗ 'ਚ ਗਿਰਾਵਟ ਆਈ ਹੈ।