ਫ਼ਤਿਹਗੜ੍ਹ
ਸਾਹਿਬ, 18 ਸਤੰਬਰ (ਸੁਰਜੀਤ ਸਿੰਘ ਖਮਾਣੋਂ): ਜੈਵਿਕ ਵਿਭਿੰਨਤਾ ਵਾਲੇ ਖ਼ੁਸ਼ਹਾਲ ਖੇਤਰਾਂ
ਦੇ ਮੌਜੂਦਾ ਰਾਖਵੇਂ ਖੇਤਰਾਂ ਦੀ ਪ੍ਰਭਾਵੀ ਹਿਫ਼ਾਜ਼ਤ ਅਤੇ ਪ੍ਰਬੰਧਨ ਲਈ ਲੋਕਾਂ ਦੇ
ਸੰਭਾਵਤ ਯੋਗਦਾਨ ਦੀ ਪਹਿਚਾਣ ਕਰ ਕੇ, ਪੰਜਾਬ ਜੈਵਿਕ ਵਿਭਿੰਨਤਾ ਬੋਰਡ (ਪੀ.ਬੀ.ਬੀ.)
ਵਲੋਂ ਰਾਜ ਦੇ ਜੈਵਿਕ ਵਿਭਿੰਨਤਾ ਭਰਪੂਰ ਵਾਲੇ ਸਥਾਨਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਦੀ
ਸੁਰੱਖਿਆ ਤੇ ਪ੍ਰਬੰਧਾਂ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਜੈਵਿਕ ਵਿਭਿੰਨਤਾ
ਕਾਨੂੰਨ (ਬੀ.ਡੀ.ਏ.), 2002 ਦੀ ਧਾਰਾ 37 ਅਧੀਨ ਬੋਰਡ ਵਲੋਂ
ਰਾਜ ਵਿਚ 6
ਸੰਭਾਵਤ ਜੈਵਿਕ ਵਿਭਿੰਨਤਾ ਭਰਪੂਰ ਵਿਰਾਸਤੀ ਥਾਵਾਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ
ਵਿਚ ਫ਼ਤਿਹਗੜ੍ਹ ਸਾਹਿਬ ਦੇ ਬਲਾਕ ਖੇੜਾ ਦੇ ਪਿੰਡ ਚੋਲਟੀ ਖੇੜੀ ਵਿਖੇ ਸਾਢੇ ਤਿੰਨ ਏਕੜ
ਨਿਜੀ ਰਕਬੇ ਵਿਚ ਫੈਲਿਆ ਕਰੀਬ 300 ਸਾਲ ਪੁਰਾਣਾ ਬੋਹੜ ਦਾ ਦਰੱਖ਼ਤ ਸ਼ਾਮਲ ਹੈ। ਬੋਹੜ ਦਾ
ਇਹ ਵਿਸ਼ਾਲ ਦਰੱਖ਼ਤ ਕੁਦਰਤ ਦੇ ਸੰਪੂਰਨ ਈਕੋ ਸਿਸਟਮ ਦੀ ਇਕ ਮਿਸਾਲ ਹੈ ਜਿਸ ਵਿਚ ਸਾਡੇ
ਰਾਸ਼ਟਰੀ ਪੰਛੀ ਮੋਰ ਤੋਂ ਇਲਾਵਾ ਉਲੂ ਅਤੇ ਕਈ ਹੋਰ ਪੰਛੀਆਂ ਦਾ ਵਾਸ ਹੈ। ਇਸ ਜਗ੍ਹਾਂ ਦੀ
ਸਾਂਭ ਸੰਭਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀ ਦੇ ਸਹਿਯੋਗ ਨਾਲ
ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਇਸ ਵਿਸ਼ੇਸ਼ ਜੈਵਿਕ ਵਿਭਿੰਨਤਾ
ਭਰਪੂਰ ਸਥਾਨ ਨੂੰ ਵੇਖਣ ਲਈ ਅਤੇ ਇਸ ਦੀ ਸੁਚੱਜੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ
ਉਪਰਾਲਿਆਂ ਦਾ ਨਿਰੀਖਣ ਕਰਨ ਵਾਸਤੇ ਪੁੱਜੇ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ
ਮੌਸਮੀ ਬਦਲਾਅ ਵਿਭਾਗ ਦੇ ਵਧੀਕ ਸਕੱਤਰ ਡਾ. ਅਮਿਤਾ ਪ੍ਰਸ਼ਾਦ ਨੇ ਦਿਤੀ। ਇਸ ਮੌਕੇ ਡਾ.
ਪ੍ਰਸ਼ਾਦ ਨੇ ਇਸ ਦਰੱਖ਼ਤ ਦੀ ਸੰਭਾਲ ਲਈ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਦੇ ਤਕਨੀਕੀ ਮਾਰਗ
ਦਰਸ਼ਨ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਫ਼ਤਿਹਗੜ੍ਹ ਸਾਹਿਬ ਅਤੇ ਸਥਾਨਕ ਜੈਵਿਕ ਵਿਭਿੰਨਤਾ ਪ੍ਰਬੰਧਨ
ਕਮੇਟੀ ਦੇ ਅਣਥੱਕ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਦੇ
ਸਹਿਯੋਗ ਨਾਲ ਜੈਵਿਕ ਵਿਭਿੰਨਤਾ ਭਰਪੂਰ ਸਥਾਨ ਦੀ ਕੀਤੀ ਜਾ ਰਹੀ ਸੁਚੱਜੀ ਸਾਂਭ ਸੰਭਾਲ
ਨੂੰ ਪੂਰੇ ਦੇਸ਼ ਵਿਚ ਚੋਲਟੀ ਖੇੜੀ ਦੇ ਲੋਕਾਂ ਵਲੋਂ ਲੰਮੇ ਅਰਸੇ ਤੋਂ ਇਸ ਵਿਲੱਖਣ ਸਥਾਨ
ਨੂੰ ਸੰਭਾਲ ਕੇ ਰੱਖਣ ਦੀ ਪ੍ਰੰਪਰਾ ਪੂਰੇ ਦੇਸ਼ ਦੇ ਲੋਕਾਂ ਲਈ ਇਕ ਪ੍ਰੇਰਨਾ ਸਰੋਤ
ਹੋਵੇਗੀ।
ਉਨ੍ਹਾਂ ਇਸ ਮੌਕੇ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਦਿਆਂ ਯਕੀਨ ਦਿਵਾਇਆ ਕਿ
ਵਾਤਾਵਰਣ ਦੀ ਸਾਂਭ ਸੰਭਾਲ ਵਾਸਤੇ ਚੋਲਟੀ ਖੇੜੀ ਦੇ ਇਸ ਮਾਡਲ ਨੂੰ ਪੂਰੇ ਦੇਸ਼ ਵਿਚ
ਪ੍ਰਚਲਤ ਕਰਨ ਵਾਸਤੇ ਢੁਕਵੇਂ ਕਦਮ ਚੁੱਕੇ ਜਾਣਗੇ। ਇਸ ਮੌਕੇ ਪੰਜਾਬ ਜੈਵਿਕ ਵਿਭਿੰਨਤਾ
ਬੋਰਡ ਦੀ ਮੈਂਬਰ ਸਕੱਤਰ ਡਾ. ਜਤਿੰਦਰ ਕੌਰ ਅਰੋੜਾ ਨੇ ਦਸਿਆ ਕਿ ਬੋਰਡ ਵਲੋਂ ਪਹਿਲਾਂ ਹੀ
ਇਸ ਬੋਹੜ ਦੇ ਦਰੱਖ਼ਤ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਪਹਿਲੇ ਜੈਵਿਕ ਵਿਭਿੰਨਤਾ ਸਥਾਨ
ਵਜੋਂ ਘੋਸ਼ਤ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰ ਦਿਤੀ ਗਈ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ
ਅਮਨਦੀਪ ਬਾਂਸਲ ਨੇ ਇਸ ਦਰੱਖ਼ਤ ਦੀ ਸਾਂਭ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ
ਦੇ ਸਹਿਯੋਗ ਦਾ ਭਰੋਸਾ ਵੀ ਦਿਤਾ। ਉਨ੍ਹਾਂ ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਵੀ
ਕੀਤੀ ਤੇ ਉਨ੍ਹਾਂ ਤੋਂ ਪਿੰਡ ਵਿਚ ਚਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਜਾਣਕਾਰੀ
ਹਾਸਲ ਕੀਤੀ।