ਅਜਿਹੇ ਡਾਕਟਰਾਂ ਦੀ ਜੋੜੀ, ਜਿਸ ਨੇ ਖ਼ੁਦਕੁਸ਼ੀ ਬਾਰੇ ਸੋਚਣ ਵਾਲੇ ਕਿਸਾਨਾਂ ਨੂੰ ਸਿਖਾਇਆ ਜਿਊਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੇ ਇੱਕ ਡਾਕਟਰ ਜੋੜੇ ਦੀ ਹਿੰਮਤ ਅੱਗੇ ਸਰਕਾਰਾਂ ਦੇ ਦਾਅਵੇ ਵੀ ਫੇਲ੍ਹ ਹੋ ਗਏ.....

Dr. Ravindra Kolhe, Dr. Smita Kolhe

ਮਹਾਰਾਸ਼ਟਰ ਦੇ ਇੱਕ ਡਾਕਟਰ ਜੋੜੇ ਦੀ ਹਿੰਮਤ ਅੱਗੇ ਸਰਕਾਰਾਂ ਦੇ ਦਾਅਵੇ ਵੀ ਫੇਲ੍ਹ ਹੋ ਗਏ। ਡਾ. ਰਵਿੰਦਰ ਕੋਲਹੇ ਤੇ ਡਾ. ਸਮਿਤਾ ਕੋਲਹੇ ਨੇ ਮੇਲਘਾਟ ਦੇ ਕਬਾਇਲੀ ਇਲਾਕਿਆਂ ਵਿਚ ਰਹਿੰਦੇ ਲੋਕਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ। ਜਿਹੜਾ ਇਲਾਕਾ ਕਿਸੇ ਵੇਲੇ ਗ਼ਰੀਬੀ ਕਾਰਨ ਥੱਕ ਹਾਰ ਕੇ ਖ਼ੁਦਕੁਸ਼ੀਆਂ ਲਈ ਜਾਣਿਆ ਜਾਂਦਾ ਸੀ ਉਸ ਨੂੰ ਇਸ ਡਾਕਟਰ ਜੋੜੇ ਨੇ ਹਿੰਮਤੀ ਲੋਕਾਂ ਵਾਲਾ ਇਲਾਕਾ ਬਣਾ ਦਿੱਤਾ ਜਾਂ ਇੰਝ ਕਹਿ ਲਓ ਕਿ ਹੁਣ ਇਹ ਇਲਾਕਾ ਖ਼ੁਦਕੁਸ਼ੀ ਮੁਕਤ ਜ਼ੋਨ ਵਜੋਂ ਮੰਨਿਆ ਜਾਂਦਾ ਹੈ।

ਗੱਲ 1985 ਦੀ ਹੈ, ਜਦੋਂ ਦਿਓਰਾਓ ਕੋਲਹੇ ਆਪਣੇ ਪੁੱਤ ਰਵਿੰਦਰ ਦੀ ਐਮਬੀਬੀਐਸ ਦੀ ਪੜ੍ਹਾਈ ਪੂਰੇ ਹੋਣ ਦੇ ਸੁਪਨੇ ਦੇਖ ਰਿਹਾ ਸੀ। ਦਿਓਰਾਓ ਨੂੰ ਉਮੀਦ ਸੀ ਕਿ ਉਸ ਦਾ ਪੁੱਤ ਆਪਣੀ ਡਾਕਟਰੀ ਦੀ ਡਿਗਰੀ ਪੂਰੀ ਕਰਕੇ ਇੱਕ ਅਜਿਹਾ ਮੁਕਾਮ ਹਾਸਿਲ ਕਰੇਗਾ ਜਿਸ ਉਤੇ ਨਾ ਸਿਰਫ਼ ਉਹਨਾਂ ਨੂੰ ਮਾਣ ਹੋਵੇਗਾ ਬਲਕਿ ਉਹਨਾਂ ਦੇ ਇਲਾਕੇ ਵਿਚ ਵੀ ਉਹਨਾਂ ਦੀ ਵਡਿਆਈ ਹੋਵੇਗੀ। ਸ਼ੇਗਾਉਂ ਪਿੰਡ ਦੇ ਲੋਕ ਵੀ ਰਵਿੰਦਰ ਦੇ ਜਲਦੀ ਪਿੰਡ ਪਰਤਣ ਦੀ ਉਡੀਕ ਕਰ ਰਹੇ ਸੀ ਪਰ ਕਿਸਮਤ ਨੂੰ ਸ਼ਾਇਦ ਹੋਰ ਹੀ ਮਨਜ਼ੂਰ ਸੀ।

ਮਹਾਤਮਾ ਗਾਂਧੀ ਅਤੇ ਵਿਨੋਬਾ ਭਾਵੇ ਵਰਗੀਆਂ ਹਸਤੀਆਂ ਦੀਆਂ ਲਿਖਤਾਂ ਤੋਂ ਪ੍ਰਭਾਵਤ ਡਾ. ਰਵਿੰਦਰ ਕੋਲਹੇ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੂਸਰੇ ਡਾਕਟਰਾਂ ਵਾਂਗ ਪੈਸੇ ਕਮਾਉਣ ਦੀ ਬਜਾਏ ਕਿਸਮਤ ਨਾਲ ਜੂਝ ਰਹੇ ਲੋਕਾਂ ਦੀ ਜ਼ਿੰਦਗੀ ਸੰਵਾਰਨ ਦਾ ਸੋਚਿਆ। ਪਰ ਉਹ ਇਸ ਸ਼ਸ਼ੋਪੰਜ ਵਿਚ ਸੀ ਕਿ ਉਹ ਆਪਣੇ ਇਸ ਸੁਪਨੇ ਨੂੰ ਕਿਵੇਂ ਸ਼ੁਰੂ ਕਰੇ ? ਆਖਿਰ ਇੱਕ ਦਿਨ ਉਸ ਦੇ ਹੱਥ ਲੱਗੀ ਡੇਵਿਡ ਵਾਰਨਰ ਦੀ ਲਿਖੀ "ਹਸਪਤਾਲ 30 ਮੀਲ ਦੂਰ" ਕਿਤਾਬ, ਜਿਸਨੇ ਉਸਨੂੰ ਜ਼ਿੰਦਗੀ ਵਿਚ ਨਵੀਂ ਸ਼ੁਰੂਆਤ ਦੀ ਉਡਾਣ ਭਰਨ ਦਾ ਸੁਪਨਾ ਦਿਖਾਇਆ।  

ਡਾ. ਰਵਿੰਦਰ ਕੋਲਹੇ ਨੇ ਅਜਿਹੀ ਥਾਂ 'ਤੇ ਆਪਣੀਆਂ ਸੇਵਾਵਾਂ ਦੇਣ ਦਾ ਸੋਚਿਆ ਜਿੱਥੇ ਲੋਕਾਂ ਕੋਲ ਕੋਈ ਵੀ ਸਿਹਤ ਸਹੂਲਤ ਨਹੀਂ ਸੀ। ਆਖਿਰ ਉਸ ਨੇ ਮਹਾਰਾਸ਼ਟਰ ਦੇ ਮੇਲਘਾਟ ਵਿਚ ਪੈਂਦੇ ਇੱਕ ਛੋਟੇ ਜਿਹੇ ਪਿੰਡ ਬੈਰਾਗੜ੍ਹ ਨੂੰ ਚੁਣਿਆ ਜਿਥੋਂ ਦੇ ਲੋਕ ਸਿਹਤ ਸੇਵਾਵਾਂ ਨਾ ਹੋਣ ਕਾਰਨ ਮਰ ਰਹੇ ਸੀ। ਹਲਾਂਕਿ ਇਸ ਪੇਂਡੂ ਇਲਾਕੇ ਵਿਚ ਕਈ ਸਮੱਸਿਆਵਾਂ ਸਨ ਜਿਵੇਂ ਐਕਸ-ਰੇ ਕਿਵੇਂ ਹੋਵੇਗਾ, ਜੇਕਰ ਕਿਸੇ ਨੂੰ ਖੂਨ ਦੀ ਲੋੜ ਹੋਵੇ ਤਾਂ ਉਸ ਨੂੰ ਕਿਵੇਂ ਪੂਰਾ ਕੀਤਾ ਜਾਏਗਾ ਤੇ ਸਭ ਤੋਂ ਅਹਿਮ ਮੌਕੇ 'ਤੇ ਦਵਾਈਆਂ ਦਾ ਪ੍ਰਬੰਧ ਕਿਵੇਂ ਹੋਵੇਗਾ।

ਇਸ ਕੰਮ ਲਈ ਉਸ ਨੇ ਮੁੰਬਈ ਦੇ ਇਕ ਹਸਪਤਾਲ ਵਿਚ ਕਰੀਬ 6 ਮਹੀਨੇ ਪ੍ਰੈਕਟਿਸ ਕੀਤੀ ਤੇ ਫਿਰ ਸ਼ੁਰੂ ਕੀਤਾ ਆਪਣੇ ਸੁਪਨੇ ਨੂੰ ਪੂਰਾ ਕਰਨ ਦਾ ਸਫ਼ਰ।ਹਲਾਂਕਿ ਡਾ. ਕੋਲਹੇ ਨੂੰ ਆਪਣੇ ਇਸ ਸਫ਼ਰ ਦੌਰਾਨ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਇੱਕ ਦਿਨ ਉਸਦੇ ਹਸਪਤਾਲ ਵਿਚ ਅਜਿਹਾ ਵਿਅਕਤੀ ਆਇਆ ਜਿਸ ਦਾ ਇੱਕ ਹੱਥ ਧਮਾਕੇ ਕਾਰਨ ਉੱਡ ਗਿਆ ਸੀ ਤੇ ਉਹ ਵਿਅਕਤੀ ਡਾ. ਕੋਲਹੇ ਕੋਲ 13ਵੇਂ ਦਿਨ ਆਇਆ। ਲਿਹਾਜ਼ਾ ਉਸ ਨੇ ਆਪਣੇ ਇਸ ਕੰਮ ਉਤੇ ਹੋਰ ਸਟੱਡੀ ਕਰਨ ਬਾਰੇ ਸੋਚਿਆ।

ਅਖੀਰ ਡਾ. ਕੋਲਹੇ ਨੇ ਐਮਡੀ ਕਰਨ ਬਾਰੇ ਸੋਚਿਆ ਤੇ 1987 ਵਿਚ ਇਸ ਨੂੰ ਮੁਕੰਮਲ ਕਰਨ ਮਗਰੋਂ ਫਿਰ ਆਪਣੇ ਇਸ ਜਨੂੰਨ ਨੂੰ ਸ਼ੁਰੂ ਕਰਨ ਬਾਰੇ ਸੋਚਿਆ। ਪਰ ਇਸ ਬਾਰ ਉਹ ਇਕੱਲਾ ਨਹੀਂ ਬਲਕਿ ਸਾਥੀ ਦੀ ਭਾਲ ਵਿਚ ਸੀ ਜਿਹੜਾ ਉਸ ਦਾ ਸਾਥ ਦੇਵੇ। ਉਸ ਨੇ ਆਪਣੇ ਸਾਥੀ ਦੀ ਭਾਲ ਲਈ 4 ਸ਼ਰਤਾਂ ਵੀ ਰੱਖੀਆਂ। ਪਹਿਲੀ, ਉਹ ਕੁੜੀ 40 ਕਿਲੋਮੀਟਰ ਰੋਜ਼ ਚਲ ਸਕਦੀ ਹੋਵੇ। ਦੂਸਰਾ, ਉਹ ਸਿਰਫ਼ 5 ਰੁਪਏ ਦੇ ਖਰਚੇ ਨਾਲ ਕੋਰਟ ਮੈਰਿਜ ਕਰੇਗਾ। ਤੀਜਾ ਉਹ ਵਿੱਤੀ ਤੌਰ 'ਤੇ ਆਪਣੇ ਮਰੀਜ਼ਾਂ ਤੋਂ ਹਰੇਕ ਮਹੀਨੇ 400 ਰੁਪਏ ਕਮਾਏਗੀ।

ਤੇ ਅਖਰੀਲਾ, ਲੋਕਾਂ ਦੀ ਭਲਾਈ ਲਈ ਜੇ ਲੋੜ ਪਈ ਤਾਂ ਉਹ ਭੀਖ ਮੰਗਣ ਲਈ ਵੀ ਤਿਆਰ ਰਹੇਗੀ। ਕਰੀਬ 100 ਕੁੜੀਆਂ ਨੂੰ ਦੇਖਣ ਮਗਰੋਂ ਨਾਂਹ ਕਹਿਣ ਵਾਲੇ ਡਾ. ਰਵਿੰਦਰ ਨੇ ਡਾ. ਸਮਿਤਾ ਨੂੰ ਪਸੰਦ ਕੀਤਾ ਜਿਹੜੀ ਕਿ ਨਾਗਪੁਰ ਵਿਚ ਪ੍ਰੈਕਟਿਸ ਕਰਦੀ ਸੀ। ਦੋਵਾਂ ਦਾ 1989 ਵਿਚ ਵਿਆਹ ਹੋ ਗਿਆ ਤੇ ਮੇਲਘਾਟ ਨੂੰ ਇੱਕ ਨਹੀਂ ਦੋ ਡਾਕਟਰ ਮਿਲ ਗਏ। ਡਾ. ਸਮਿਤਾ ਜਦੋਂ ਗਰਭਵਤੀ ਸੀ ਤਾਂ ਡਾ. ਰਵਿੰਦਰ ਨੇ ਖ਼ੁਦ ਹੀ ਉਸਦੀ ਡਲਿਵਰੀ ਕਰਨ ਦਾ ਫ਼ੈਸਲਾ ਕੀਤਾ। ਇਹ ਬਿਲਕੁਲ ਉਹੀ ਤਰੀਕਾ ਸੀ ਜਿਹੜਾ ਉਹ ਹੋਰ ਪਿੰਡ ਵਾਲੀਆਂ ਔਰਤਾਂ ਲਈ ਵਰਤਦਾ ਸੀ।

ਪਰ ਡਿਲੀਵਰੀ ਦੌਰਾਨ ਕੁਝ ਸਮੱਸਿਆਵਾਂ ਕਾਰਨ ਬੱਚੇ ਨੂੰ ਨਿਮੋਨੀਆ ਹੋ ਗਿਆ ਪਰ ਉਹਨਾਂ ਨੇ ਪਿੰਡ ਦੇ ਹੋਰਨਾਂ ਬੱਚਿਆਂ ਵਾਂਗ ਹੀ ਆਪਣੇ ਬੱਚੇ ਦਾ ਇਲਾਜ ਕੀਤਾ। ਬਸ ਇਹੀ ਤਰੀਕਾ ਪਿੰਡ ਵਾਲਿਆਂ ਨੂੰ ਏਨਾ ਪਸੰਦ ਆਇਆ ਕਿ ਡਾ. ਰਵਿੰਦਰ ਤੇ ਡਾ. ਸਮਿਤਾ ਦੇ ਸਾਰੇ ਪਿੰਡ ਵਾਸੀ ਮੁਰੀਦ ਹੋ ਗਏ। ਡਾ. ਰਵਿੰਦਰ ਤੇ ਡਾ. ਸਮਿਤਾ ਦੇ ਹੱਥ ਵਿਚ ਅਜਿਹਾ ਹੁਨਰ ਸੀ ਕਿ ਲੋਕ ਉਹਨਾਂ ਕੋਲ ਆਪਣੇ ਡੰਗਰਾਂ ਤੇ ਪੌਦਿਆਂ ਦੇ ਇਲਾਜ ਲਈ ਵੀ ਆਉਣ ਲੱਗੇ। ਲੋਕਾਂ ਨੂੰ ਯਕੀਨ ਸੀ ਕਿ ਡਾਕਟਰ ਜੋੜੇ ਕੋਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ।

ਡਾਕਟਰ ਜੋੜੇ ਨੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਜਾਗਰੂਕਤਾ ਕੈਂਪ ਲਾਉਣੇ ਸ਼ੁਰੂ ਕੀਤੇ ਤੇ ਕਿਸਾਨਾਂ ਨੂੰ ਖੇਤੀ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਇਆ। ਡਾ. ਰਵਿੰਦਰ ਦਾ ਮੰਨਣਾ ਸੀ ਕਿ ਤਰੱਕੀ ਲਈ ਖੇਤੀਬਾੜੀ ਬਹੁਤ ਜ਼ਰੂਰੀ ਹੈ ਅਤੇ ਇਸ ਵਿਚ ਨੌਜਵਾਨਾਂ ਨੂੰ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਇਹੀ ਉਹ ਕਾਰਨ ਸੀ ਕਿ ਡਾ. ਕੋਲਹੇ ਦਾ ਵੱਡਾ ਬੇਟਾ ਰੋਹਿਤ ਕਿਸਾਨ ਬਣਿਆ। ਕੋਲਹੇ ਪਰਿਵਾਰ ਨੇ ਜੰਗਲਾਂ ਦੇ ਰੱਖ-ਰਖਾਣ ਵੱਲ ਵੀ ਬੜਾ ਧਿਆਨ ਦਿੱਤਾ।

ਡਾਕਟਰ ਜੋੜੇ ਨੇ ਮੀਂਹ ਦੇ ਦਿਨਾਂ ਵਿਚ ਆਮ ਲੋਕਾਂ ਲਈ ਲੋੜੀਂਦਾ ਅੰਨ ਭੰਡਾਰ ਕਰਨ ਦਾ ਬੀੜਾ ਵੀ ਚੁੱਕਿਆ ਤਾਂ ਜੋ ਕਿਸੇ ਨੂੰ ਵੀ ਕੋਈ ਔਖਿਆਈ ਨਾ ਆਏ। ਇਹੀ ਉਹ ਤਰੀਕੇ ਸੀ ਜਿਸ ਨੇ ਮੇਲਘਾਟ ਨੂੰ ਖ਼ੁਦਕੁਸ਼ੀ ਮੁਕਤ ਜ਼ੋਨ ਬਣਾ ਦਿੱਤਾ। ਜਿਹੜੇ ਕਿਸਾਨ ਖੇਤੀ ਨਾ ਹੋਣ ਕਾਰਨ ਮਰਨ ਲਈ ਵੀ ਤਿਆਰ ਰਹਿੰਦੇ ਸੀ ਉਹਨਾਂ ਅੰਦਰ ਡਾ. ਰਵਿੰਦਰ ਤੇ ਡਾ. ਸਮਿਤਾ ਨੇ ਅਜਿਹਾ ਜੋਸ਼ ਭਰਿਆ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਣ ਲੱਗੇ ਤੇ ਉਹਨਾਂ ਨੂੰ ਇਸ ਗੱਲ ਦੀ ਸਮਝ ਵੀ ਆ ਗਈ ਕਿ ਮੌਤ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ।

ਇੱਕ ਵਾਰ ਦੀ ਗੱਲ ਹੈ। ਲੋਕ ਨਿਰਮਾਣ ਵਿਭਾਗ ਦਾ ਇੱਕ ਮੰਤਰੀ ਉਹਨਾਂ ਦੇ ਪਿੰਡ ਪਹੁੰਚਿਆ ਤੇ ਲੋਕਾਂ ਦੀ ਰਹਿਣੀ-ਬਹਿਣੀ ਦੇਖ ਕੇ ਹੈਰਾਨ ਰਹਿ ਗਿਆ। ਇਹੀ ਨਹੀਂ, ਉਸ ਨੇ ਆਪਣੇ ਰਹਿਣ ਲਈ ਉਥੇ ਘਰ ਬਣਾਉਣ ਦੀ ਇੱਛਾ ਤੱਕ ਜਤਾ ਦਿੱਤੀ। ਅੱਜ ਆਲਮ ਇਹ ਹੈ ਕਿ ਪਹਾੜੀਆਂ ਵਿਚ ਵਸੇ ਇਸ ਪਿੰਡ ਨੂੰ ਜੁੜਨ ਵਾਲੀਆਂ 70 ਫ਼ੀਸਦੀ ਸੜਕਾਂ ਪੱਕੀਆਂ ਹਨ। ਮੇਲਘਾਟ ਇਲਾਕੇ ਵਿਚ ਕਰੀਬ 300 ਪਿੰਡ ਹਨ ਅਤੇ ਕਰੀਬ 350 ਐਨਜੀਓ ਅਜਿਹੀਆਂ ਹਨ ਜਿਹੜੀਆਂ ਇਹਨਾਂ ਲੋਕਾਂ ਨੂੰ ਮੁਫ਼ਤ ਵਿਚ ਰਾਸ਼ਨ ਵੰਡਦੀਆਂ 

ਪਰ ਡਾਕਟਰ ਜੋੜੇ ਨੇ ਉਸ ਪਿੰਡ ਦੇ ਲੋਕਾਂ ਨੂੰ ਇਸ ਕਾਬਿਲ ਬਣਾ ਦਿੱਤਾ ਕਿ ਉਹ ਆਪਣੇ ਖਾਣ ਵਾਲੀਆਂ ਵਸਤਾਂ ਨੂੰ ਖ਼ੁਦ ਉਗਾ ਕੇ ਸੰਤੁਸ਼ਟੀ ਪ੍ਰਗਟਾਉਂਦੇ ਹਨ। ਡਾਕਟਰ ਜੋੜੇ ਦੀ ਬਦੌਲਤ ਹੀ ਪਿੰਡ ਨੂੰ ਜੁੜਦੀਆਂ ਸੜਕਾਂ ਦੀ ਹਾਲਤ ਚੰਗੀ ਹੈ, ਪਿੰਡ ਵਿਚ ਬਿਜਲੀ ਹੈ ਅਤੇ ਇਸ ਇਲਾਕੇ ਵਿਚ 12 ਪ੍ਰਾਇਮਰੀ ਸਿਹਤ ਕੇਂਦਰ ਹਨ। ਹੁਣ ਡਾ. ਕੋਲਹੇ ਕਿਸੇ ਵੀ ਵਿਅਕਤੀ ਤੋਂ ਕੋਈ ਪੈਸਾ ਨਹੀਂ ਲੈਂਦੇ ਬਲਕਿ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਲੈ ਕੇ ਜਾਂਦੇ ਹਨ ਤਾਂ ਜੋ ਉਹਨਾਂ ਨੂੰ ਹੋਰ ਬਿਹਤਰ ਇਲਾਜ ਮਿਲ ਸਕੇ।