ਬੀਬੀ ਭੱਠਲ ਨੇ ਮੋਦੀ ਸਰਕਾਰ ਨੂੰ ਕੀਤਾ ਚੈਲੰਜ, ਪੜ੍ਹੋ ਕੀ ਕਿਹਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਨੇ ਪੀਐੱਮ ਮੋਦੀ ਦੀ ਸੁਰੱਖਿਆ ਨੂੰ ਵੀ ਫੇਲ੍ਹ ਕਰਤਾ : ਬੀਬੀ ਭੱਠਲ 

Bibi Rajinder Kaur Bhattal

ਸ਼੍ਰੀਨਗਰ (ਸੁਰਖਾਬ ਚੰਨ) - ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਕੱਲ੍ਹ ਆਖਰੀ ਦਿਨ ਸੀ ਤੇ ਅੱਜ ਉਹਨਾਂ ਨੇ ਸ਼੍ਰੀਨਗਰ ਵਿਚ ਇਕ ਰੈਲੀ ਨੂੰ ਸੰਬੋਧਨ ਕੀਤਾ। ਇਸ ਰੈਲੀ ਵਿਚ ਪੰਜਾਬ ਤੋਂ ਵੀ ਕਈ ਕਾਂਗਰਸੀ ਆਗੂਆਂ ਨੇ ਸ਼ਿਰਕਤ ਕੀਤੀ ਜਿਨਾਂ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ਼ ਵੀ ਸ਼ਾਮਲ ਹਨ। ਬੀਬੀ ਭੱਠਲ ਨੇ ਰੋਜ਼ਾਨਾ ਸਪੋਕਸਮੈਨ ਨਾਲ ਕਸ਼ਮੀਰ ਦੇ ਮੌਸਮ ਬਾਰੇ ਗੱਲ ਕਰਦਿਆਂ ਕਿਹਾ ਕਿ ਕਸ਼ਮੀਰ ਦੇ ਮੌਸਮ ਨੇ ਵੀ ਅੱਜ ਬਾਹਾਂ ਫੈਲਾ ਕੇ ਉਹਨਾਂ ਦਾ ਸੁਆਗਤ ਕੀਤਾ ਹੈ। 

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਜੇਕਰ ਰਾਜਨੀਤਿਕ ਤੌਰ 'ਤੇ ਵੀ ਦੇਖਿਆ ਜਾਵੇ ਤਾਂ ਸਾਰਾ ਦੇਸ਼ ਇਕਜੁੱਟ ਹੋ ਗਿਆ ਹੈ, ਰਾਹੁਲ ਗਾਂਧੀ ਜੀ ਨੂੰ ਲੋਕਾਂ ਨੇ ਬਹੁਤ ਸਾਥ ਦਿੱਤਾ। ਕੰਨਿਆਕੁਮਾਰੀ ਤੋਂ ਚੱਲ ਕੇ ਯਾਤਰਾ ਸ੍ਰੀਨਗਰ ਤੱਕ ਪਹੁੰਚ ਗਈ ਹੈ ਤੇ ਇਸ ਦੌਰਾਨ ਇਕ ਵੀ ਦਿਨ ਅਜਿਹਾ ਨਹੀਂ ਸੀ ਕਿ ਜਦੋਂ ਰਾਹੁਲ ਜੀ ਨੂੰ ਲੋਕਾਂ ਦਾ ਪਿਆਰ ਨਾ ਮਿਲਿਆ ਹੋਵੇ। 

ਉਹਨਾਂ ਨੇ ਕਿਹਾ ਕਿ ਜੋ ਦੇਸ਼ ਵਿਚ ਨਫ਼ਰਤ ਫੈਲਾਈ ਜਾ ਰਹੀ ਹੈ ਉਸ ਦੇ ਖਿਲਾਫ਼ ਦੇਸ਼ ਦੀ ਆਵਾਮ ਟੁੱਟ ਕੇ ਪਈ ਹੈ।  ਦੇਸ਼ ਦੇ ਲੋਕਾਂ ਨੇ ਮੋਦੀ ਸਰਕਾਰ ਖਿਲਾਫ਼ ਆਵਾਜ਼ ਚੁੱਕੀ ਹੈ। ਅੱਜ ਦੇਸ਼ ਦੀਆਂ ਕੰਧਾਂ 'ਤੇ ਲਿਖਿਆ ਪਿਆ ਹੈ ਕਿ ਕਾਂਗਰਸ ਦੀ ਸਰਕਾਰ ਬਣ ਰਹੀ ਹੈ। ਇਸ ਦੇ ਨਾਲ ਬੀਬੀ ਭੱਠਲ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਨੇ ਤਾਂ ਮੋਦੀ ਜੀ ਦੀ ਵੀ ਸੁਰੱਖਿਆ ਫੇਲ੍ਹ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਜੰਮੂ ਕਸ਼ਮੀਰ ਦੀਆਂ ਚੋਣਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਜੇ ਹਿੰਮਤ ਹੈ ਤਾਂ ਜੰਮੂ ਦੀਆਂ ਚੋਣਾਂ ਕਰਵਾਈਆਂ ਜਾਣ। ਉਹਨਾਂ ਨੇ ਸਰਕਾਰ ਨੂੰ ਚੈਲੰਜ ਕੀਤਾ ਕਿ ਮੋਦੀ ਸਰਕਾਰ ਬਿਨ੍ਹਾਂ ਡਰੇ ਅੱਜ ਜੰਮੂ ਦੀਆਂ ਚੋਣਾਂ ਕਰਵਾਏ।