ਪੰਜਾਬ ਨੂੰ ਗੁਲਾਮ ਕਹਿਣ ਵਾਲੇ ਕਸ਼ਮੀਰ ਦੇ ਹਾਲਾਤ ਦੇਖ ਲੈਣ- ਰਵਨੀਤ ਬਿੱਟੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵਜੋਤ ਸਿੱਧੂ ਨਾਲ ਮੇਰੀ ਤਾਂ ਬਣਦੀ ਨਹੀਂ- ਰਵਨੀਤ ਬਿੱਟੂ

photo

 

ਸ਼੍ਰੀਨਗਰ: ਸ਼੍ਰੀਨਗਰ ਵਿਚ ਪੈ ਰਹੀ ਭਾਰੀ ਬਰਫਬਾਰੀ ਵਿਚ ਵੀ ਲੋਕਾਂ ਨੇ ਰਾਹੁਲ ਗਾਂਧੀ ਨੂੰ ਭਾਰੀ ਸਮਰਥਨ ਦਿੱਤਾ। ਲੋਕਾਂ ਨੇ ਮਾਈਨਸ ਡਿਗਰੀ ਵਿਚ ਵੀ ਯਾਤਰਾ ਦੇ ਸਮਾਪਤੀ ਸਮਾਰੋਹ ਵਿਚ ਹਿੱਸਾ ਲਿਆ। ਯਾਤਰਾ ਦੇ ਸਮਾਪਤੀ ਸਮਾਰੋਹ ਵਿਚ ਕਈ ਕਾਂਗਰਸੀ ਆਗੂਆਂ ਦੇ ਨਾਲ ਐਮਪੀ ਰਵਨੀਤ ਬਿੱਟੂ ਨੇ ਵੀ ਸ਼ਿਰਕਤ ਕੀਤੀ। ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਗਰਮੀ, ਸਰਦੀ, ਧੁੱਪ, ਮੀਂਹ ਵਿਚ 4000 ਕਿਲੋਮੀਟਰ ਦਾ ਸਫਰ ਤੈਅ ਕੀਤਾ।

ਲੋਕਾਂ ਨੇ ਵੀ ਉਹਨਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਤੇ ਸ਼ਾਨਦਾਰ ਸਵਾਗਤ ਕੀਤਾ। ਰਾਹੁਲ ਗਾਂਧੀ ਨੇ ਤਪੱਸਿਆ ਕੀਤੀ ਹੈ। ਅੱਜ ਕਸ਼ਮੀਰ ਦੇ ਲੋਕ ਵੀ ਬਹੁਤ ਖੁਸ਼ ਹਨ। ਉਹਨਾਂ ਕਿਹਾ ਕਿ ਅੱਜ ਜੋ ਸ਼੍ਰੀਨਗਰ ਵਿਚ ਬਰਫਬਾਰੀ ਹੋਈ ਹੈ ਉਸ ਨੇ ਵੀ ਰਾਹੁਲ ਗਾਂਧੀ ਦਾ ਭਰਵਾਂ ਸਵਾਗਤ ਕੀਤਾ ਹੈ। ਰਾਹੁਲ ਗਾਂਧੀ ਨੇ ਯਾਤਰਾ ਦੌਰਾਨ ਲੱਖਾਂ ਲੋਕਾਂ ਨੂੰ ਆਪਣੇ ਗਲ ਨਾਲ ਲਗਾਇਆ ਤੇ ਉਹਨਾਂ ਦਾ ਦਰਦ ਸੁਣਿਆ। ਜੇ ਲੱਖਾਂ ਲੋਕਾਂ ਦਾ ਇਕ ਬੰਦੇ ਦੇ ਉਪਰ ਅਸ਼ੀਰਵਾਦ ਹੋਵੇ ਫਿਰ ਉਸ 'ਤੇ ਪ੍ਰਮਾਤਮਾ ਦੀ ਕਿਰਪਾ ਤਾਂ ਆਪਣੇ ਆਪ ਹੋਣੀ ਹੀ ਹੈ। ਪੰਜਾਬ ਵਿਚ ਕਈ ਲੋਕ ਕਹਿ ਰਹੇ ਹਨ ਕਿ ਅਸੀਂ ਗੁਲਾਮ ਹਾਂ ਉਹ ਕਸ਼ਮੀਰੀ ਲੋਕਾਂ ਨੂੰ ਵੇਖਣ ਕਿ ਇਹ ਕਿਵੇਂ ਰਹਿ ਰਹੇ ਹਨ। ਪੰਜਾਬ ਤਾਂ ਸਾਡੀ ਸ਼ਾਨ ਹੈ।  ਕਸ਼ਮੀਰ ਵਿਚ ਵੀ ਇਕ ਹੀ ਕਮੀ ਹੈ ਕਿ ਇਥੇ ਬੰਦੂਕ ਚੁੱਕੀ ਹੋਈ ਹੈ। ਜੇ ਪੰਜਾਬ ਦੇ ਲੋਕ ਬੰਦੂਕਾਂ ਦੀ ਗੱਲਾਂ ਕਰਨਗੇ ਫਿਰ ਕਸ਼ਮੀਰ ਵਰਗੇ ਹਾਲਾਤ ਹੋਣਗੇ।

ਰਵਨੀਤ ਬਿੱਟੂ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਦਾ ਸਭ ਤੋਂ ਵੱਡਾ ਮੁੱਦਾ ਸੂਬੇ ਦਾ ਦਰਜਾ ਵਾਪਸ ਆਉਣਾ ਹੈ। ਕਸ਼ਮੀਰ ਦੇ ਲੋਕ ਲੋਕਤੰਤਰੀ ਹੱਕ ਚਾਹੁੰਦੇ ਹਨ। ਕਾਂਗਰਸੀ ਲੀਡਰਾਂ ਨੇ ਇਹ ਗੱਲ ਕਹੀ ਹੈ ਕਿ ਜਿਸ ਦਿਨ ਪਾਰੀ ਆ ਗਈ, ਉਸ ਦਿਨ ਇਹ ਸੂਬਾ ਬਣੇਗਾ।  ਅੱਗੇ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਵਿਚ ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ।  

ਬੀਜੇਪੀ ਤੇ ਅਕਾਲੀਆਂ ਦਾ ਉਥੇ ਕੁਝ ਵੀ ਨਹੀਂ ਹੈ। ਨਵਜੋਤ ਸਿੱਧੂ ਬਾਰੇ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੇਲ੍ਹ ਵਿਚ ਰਹਿ ਕੇ ਬਹੁਤ ਕੁਝ ਸਿੱਖੇ ਹਨ। ਮੇਰੀ ਤਾਂ ਨਵਜੋਤ ਸਿੱਧੂ ਨਾਲ ਬਣਦੀ ਨਹੀਂ ਹੈ। ਨਵਜੋਤ ਸਿੱਧੂ ਨੂੰ ਬਹੁਤ ਲੋਕ ਪਿਆਰ ਕਰਦੇ ਹਨ। ਸ਼ਾਇਦ ਨਵਜੋਤ ਸਿੱਧੂ ਜੇਲ੍ਹ ਚੋਂ ਬਦਲ ਕੇ ਬਾਹਰ ਆਉਣ। ਰਾਹੁਲ ਗਾਂਧੀ ਨੇ ਅੱਜ ਕਾਂਗਰਸ ਭਵਨ ਵਿਖੇ 75 ਫੁੱਟ ਉੱਚਾ ਤਿਰੰਗਾ ਝੰਡਾ ਲਹਿਰਾਇਆ ਹੈ। ਯਾਤਰਾ ਤਾਂ ਅੱਜ ਸਮਾਪਤ ਹੋ ਗਈ ਪਰ ਸਿਆਸੀ ਲੜਾਈ ਅੱਜ ਤੋਂ ਸ਼ੁਰੂ ਹੋ ਗਈ ਹੈ।