ਸਾਨੂੰ ਨਿਤੀਸ਼ ਕੁਮਾਰ ਦੀ ਜ਼ਰੂਰਤ ਨਹੀਂ, ਮਹਾਗਠਜੋੜ ਨੂੰ ਉਨ੍ਹਾਂ ਦੀ ਬਿਲਕੁਲ ਜ਼ਰੂਰਤ ਨਹੀਂ : ਰਾਹੁਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ਮੰਗਲਵਾਰ ਨੂੰ ਪੂਰਨੀਆ ਪਹੁੰਚੀ

Rahul Gandhi

ਪੁਰਨੀਆ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਭਾਜਪਾ ਨਾਲ ਹੱਥ ਮਿਲਾਉਣ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਬਿਹਾਰ ’ਚ ਵਿਰੋਧੀ ਪਾਰਟੀਆਂ ਦਾ ਮਹਾਗਠਜੋੜ ਜਨਤਾ ਦਲ (ਯੂ) ਦੇ ਪ੍ਰਧਾਨ ਤੋਂ ਬਿਨਾਂ ਸੂਬੇ ’ਚ ਸਮਾਜ ਦੇ ਆਰਥਕ ਅਤੇ ਸਮਾਜਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਸਮਾਜਕ ਨਿਆਂ ਲਈ ਲੜੇਗਾ। 

ਉਨ੍ਹਾਂ ਕਿਹਾ, ‘‘ਸਾਨੂੰ ਨਿਤੀਸ਼ ਜੀ ਦੀ ਲੋੜ ਨਹੀਂ ਹੈ। ਸਾਨੂੰ ਉਨ੍ਹਾਂ ਦੀ ਬਿਲਕੁਲ ਲੋੜ ਨਹੀਂ ਹੈ।’’ ਰਾਹੁਲ ਗਾਂਧੀ ਨੇ ਇਹ ਗੱਲ ਪੂਰਨੀਆ ਦੇ ਰੰਗਭੂਮੀ ਮੈਦਾਨ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ, ‘‘ਅਸੀਂ ਕਿਸਾਨਾਂ ਦੇ ਹਿੱਤਾਂ ਲਈ ਲੜਦੇ ਰਹਾਂਗੇ। ਬਿਹਾਰ ਦੇ ਕਿਸਾਨ ਆਰਥਕ ਬੇਇਨਸਾਫੀ ਦੇ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਓਬੀਸੀ, ਦਲਿਤਾਂ, ਆਦਿਵਾਸੀਆਂ, ਆਰਥਕ ਤੌਰ ’ਤੇ ਕਮਜ਼ੋਰ ਵਰਗਾਂ ਆਦਿ ਦੀ ਆਬਾਦੀ ਦੀ ਸਹੀ ਗਿਣਤੀ ਦਾ ਪਤਾ ਲਗਾਉਣ ਲਈ ਐਕਸਰੇ ਦੀ ਜ਼ਰੂਰਤ ਹੈ।’’

ਲੋਕ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ’ਚ ਰਾਹੁਲ ਗਾਂਧੀ ਦੀ ਇਹ ਪਹਿਲੀ ਵੱਡੀ ਰੈਲੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ਮੰਗਲਵਾਰ ਨੂੰ ਪੂਰਨੀਆ ਪਹੁੰਚੀ। 

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਪੂਰਨੀਆ ਨਹੀਂ ਪਹੁੰਚ ਸਕੇ। ਬਿਹਾਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਖਿਲੇਸ਼ ਪ੍ਰਸਾਦ ਨੇ ਕਿਹਾ ਕਿ ਖੜਗੇ ਦਾ ਜਹਾਜ਼ ਘੱਟ ਵਿਜ਼ੀਬਿਲਟੀ ਕਾਰਨ ਪੂਰਨੀਆ ਹਵਾਈ ਅੱਡੇ ’ਤੇ ਨਹੀਂ ਪਹੁੰਚ ਸਕਿਆ। ਖੜਗੇ ਨੇ ਵੀਡੀਉ ਸੰਦੇਸ਼ ਰਾਹੀਂ ਰੈਲੀ ਨੂੰ ਸੰਬੋਧਨ ਕੀਤਾ। ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਸੀ.ਪੀ.ਆਈ. (ਐਮ.ਐਲ.) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। 

ਰਾਹੁਲ ਗਾਂਧੀ ਦਾ ਕਾਫਲਾ ‘ਭਾਰਤ ਜੋੜੋ ਨਿਆਂ ਯਾਤਰਾ’ ਦੇ ਹਿੱਸੇ ਵਜੋਂ ਰਾਤ ਨੂੰ ਰੁਕਣ ਲਈ ਨੇੜੇ ਅਰਰੀਆ ਵਿਖੇ ਰੁਕਿਆ ਸੀ। ਉਨ੍ਹਾਂ ਦੀ ਯਾਤਰਾ ਇਕ ਦਿਨ ਪਹਿਲਾਂ ਕਿਸ਼ਨਗੰਜ ਜ਼ਿਲ੍ਹੇ ਤੋਂ ਬਿਹਾਰ ਵਿਚ ਦਾਖਲ ਹੋਈ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਵੇਰੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ’ਤੇ ਸ਼ਰਧਾਂਜਲੀ ਦਿਤੀ । ਇਸ ਮੌਕੇ ਸਵਰਾਜ ਅਭਿਆਨ ਦੇ ਸੰਸਥਾਪਕ ਯੋਗੇਂਦਰ ਯਾਦਵ ਵੀ ਮੌਜੂਦ ਸਨ। ਰਾਹੁਲ ਗਾਂਧੀ ਨੇ ਹੁਣ ਤਕ ਜਨਤਾ ਦਲ (ਯੂ) ਪ੍ਰਧਾਨ ਦੀ ਸਿੱਧੀ ਆਲੋਚਨਾ ਕਰਨ ਤੋਂ ਪਰਹੇਜ਼ ਕੀਤਾ ਸੀ, ਜਿਨ੍ਹਾਂ ਨੇ ਦੋ ਦਿਨ ਪਹਿਲਾਂ ਪਾਰਟੀ ਬਦਲ ਲਈ ਸੀ। ਰਾਹੁਲ ਗਾਂਧੀ ਨੂੰ ਆਖਰੀ ਵਾਰ ਪਿਛਲੇ ਸਾਲ ਬਿਹਾਰ ’ਚ ਨਿਤੀਸ਼ ਕੁਮਾਰ ਵਲੋਂ ਆਯੋਜਿਤ ਭਾਜਪਾ ਵਿਰੋਧੀ ਪਾਰਟੀਆਂ ਦੀ ਮੀਟਿੰਗ ’ਚ ਵੇਖਿਆ ਗਿਆ ਸੀ। ਹਾਲਾਂਕਿ, ਰਾਹੁਲ ਗਾਂਧੀ ਦੇ ਕਰੀਬੀ ਸਹਿਯੋਗੀ ਅਤੇ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਮਵਾਰ ਨੂੰ ਕੁਮਾਰ ’ਤੇ ਤਿੱਖਾ ਹਮਲਾ ਕਰਦਿਆਂ ਦਾਅਵਾ ਕੀਤਾ ਸੀ ਕਿ ਵਿਰੋਧੀ ਗੱਠਜੋੜ ਦੇ ਕਈ ਨੇਤਾ ਵਿਰੋਧੀ ‘ਇੰਡੀਆ’ ਗੱਠਜੋੜ ਤੋਂ ਉਨ੍ਹਾਂ ਦੇ ਬਾਹਰ ਨਿਕਲਣ ’ਤੇ ਰਾਹਤ ਦਾ ਸਾਹ ਲੈ ਰਹੇ ਹਨ। 
 
‘ਮੋਦੀ ਸਰਕਾਰ ਨੇ ਕਿਸਾਨਾਂ ਦਾ ਭਰੋਸਾ ਗੁਆ ਦਿਤਾ ਹੈ, ਅਸੀਂ ਇਸ ਨੂੰ ਵਾਪਸ ਜਿੱਤਣ ਦੀ ਕੋਸ਼ਿਸ਼ ਕਰਾਂਗੇ’

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਕਿਸਾਨਾਂ ਦਾ ਭਰੋਸਾ ਗੁਆਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ’ਚ ਆਈ ਤਾਂ ਉਹ ਇਸ ਨੂੰ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਰਾਹੁਲ ਗਾਂਧੀ ਨੇ ਬਿਹਾਰ ਦੇ ਪੂਰਨੀਆ ਜ਼ਿਲ੍ਹੇ ’ਚ ਕਿਸਾਨਾਂ ਨਾਲ ਗੱਲਬਾਤ ਦੌਰਾਨ ਕਿਸਾਨਾਂ ਨੂੰ ਇਹ ਭਰੋਸਾ ਦਿਤਾ। 

ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ’ਚ ਅਸਫਲ ਰਹੀ ਹੈ। ਦਰਅਸਲ, ਉਸ ਨੇ ਉਨ੍ਹਾਂ ਦਾ ਭਰੋਸਾ ਗੁਆ ਦਿਤਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਇਕ ਮੌਕਾ ਦਿਓ ਅਤੇ ਅਸੀਂ ਤੁਹਾਡਾ ਵਿਸ਼ਵਾਸ ਦੁਬਾਰਾ ਜਿੱਤਣ ਦੀ ਕੋਸ਼ਿਸ਼ ਕਰਾਂਗੇ। 

ਤਾੜੀਆਂ ਦੀ ਗੂੰਜ ਵਿਚ ਗਾਂਧੀ ਨੇ ਕਿਹਾ, ‘‘ਕਿਰਪਾ ਕਰ ਕੇ ਨੋਟ ਕਰੋ ਕਿ ਇਹ ਖਾਲੀ ਸ਼ਬਦ ਨਹੀਂ ਹਨ। ਸਾਡਾ ਪਿਛਲਾ ਰੀਕਾਰਡ ਅਪਣੇ ਆਪ ਨੂੰ ਬਿਆਨ ਕਰਦਾ ਹੈ। ਅਸੀਂ ਕਿਸਾਨ ਪੱਖੀ ਭੂਮੀ ਪ੍ਰਾਪਤੀ ਬਿਲ ਲੈ ਕੇ ਆਏ ਹਾਂ। ਅਸੀਂ 72,000 ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਅਤੇ ਛੱਤੀਸਗੜ੍ਹ ਅਤੇ ਰਾਜਸਥਾਨ ਵਰਗੇ ਸੂਬਿਆਂ ’ਚ ਜਿੱਥੇ ਹਾਲ ਹੀ ’ਚ ਕਾਂਗਰਸ ਸੱਤਾ ’ਚ ਸੀ, ਅਸੀਂ ਇਹ ਯਕੀਨੀ ਬਣਾਇਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਉਚਿਤ ਮੁੱਲ ਮਿਲੇ।’’