ASER Report: ਕੋਰੋਨਾ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ’ਚ ਹੋਇਆ ਸੁਧਾਰ
ASER Report: ਬੱਚਿਆਂ ਦਾ ਪ੍ਰਾਈਵੇਟ ਸਕੂਲਾਂ ਵਲ ਵਧਿਆ ਰੁਝਾਨ, ਸਰਕਾਰੀ ਸਕੂਲਾਂ ਤੋਂ ਬਣਾਈ ਦੂਰੀ
ASER Report: ਦੇਸ਼ ਵਿਚ ਸਿਖਿਆ ਦੀ ਸਾਲਾਨਾ ਸਥਿਤੀ ’ਤੇ ਏ.ਐੱਸ.ਈ.ਆਰ. 2024 ਦੀ ਰਿਪੋਰਟ ਦੇ ਅਨੁਸਾਰ, ਸਰਕਾਰੀ ਸਕੂਲਾਂ ਵਿਚ 5ਵੀਂ ਜਮਾਤ ਦੇ ਬੱਚਿਆਂ ਦੇ ਪੜ੍ਹਨ ਦੇ ਪੱਧਰ ਵਿਚ ਸੁਧਾਰ ਹੋਇਆ ਹੈ। ਇਹ ਪੱਧਰ ਹੁਣ 44.8 ਫ਼ੀ ਸਦੀ ਤਕ ਪਹੁੰਚ ਗਿਆ ਹੈ। ਸਰਕਾਰੀ ਸਕੂਲਾਂ ਵਿਚ ਤੀਜੀ ਜਮਾਤ ਦੇ ਬੱਚਿਆਂ ਲਈ, ਬੁਨਿਆਦੀ ਪੜ੍ਹਾਈ ਦਾ ਪੱਧਰ 2024 ਵਿਚ ਸਭ ਤੋਂ ਵੱਧ ਹੈ। ਸਰਕਾਰੀ ਸਕੂਲਾਂ ਵਿਚ ਸੁਧਾਰ, ਪ੍ਰਾਈਵੇਟ ਸਕੂਲਾਂ ਨਾਲੋਂ ਤੇਜ਼ੀ ਨਾਲ ਹੋ ਰਿਹਾ ਹੈ। ਜਦੋਂ ਅਸੀਂ ਛੋਟੀਆਂ ਜਮਾਤਾਂ ਦੇ ਬੱਚਿਆਂ ਦੇ ਗਣਿਤ ਦੇ ਪੱਧਰ ਦੀ ਗੱਲ ਕਰਦੇ ਹਾਂ ਤਾਂ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਸਕੂਲਾਂ ਵਿਚ ਬਹੁਤ ਸੁਧਾਰ ਦੇਖਿਆ ਜਾ ਰਿਹਾ ਹੈ। ਇਹ ਪੱਧਰ ਪਿਛਲੇ ਦਹਾਕੇ ਵਿਚ ਸਭ ਤੋਂ ਉੱਚਾ ਹੈ।
ਰਿਪੋਰਟ ਮੁਤਾਬਕ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਸਕੂਲਾਂ ਵਿਚ ਵੱਧ ਰਹੇ ਦਾਖ਼ਲੇ ਦਾ ਰੁਝਾਨ ਹੁਣ ਉਲਟ ਹੋ ਗਿਆ ਹੈ। ਰਿਪੋਰਟ ਅਨੁਸਾਰ, ਸਰਕਾਰੀ ਸਕੂਲਾਂ ਵਿਚ 6-14 ਸਾਲ ਦੀ ਉਮਰ ਦੇ ਬੱਚਿਆਂ ਦਾ ਦਾਖ਼ਲਾ ਲਗਭਗ 2018 ਦੇ ਪੱਧਰ ’ਤੇ ਵਾਪਸ ਆ ਗਿਆ ਹੈ। ਇਹ ਰਿਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਗਈ, ਜਿਸ ’ਚ ਇਹ ਵੀ ਦਸਿਆ ਗਿਆ ਕਿ ਪ੍ਰਾਇਮਰੀ ਪੱਧਰ ’ਤੇ ਬੱਚਿਆਂ ਦੀ ਸਿਖਿਆ ਦੇ ਪੱਧਰ ’ਚ ਸੁਧਾਰ ਹੋਇਆ ਹੈ ਅਤੇ ਕੁਝ ਮਾਮਲਿਆਂ ’ਚ ਇਹ ਪਿਛਲੇ ਪੱਧਰਾਂ ਨਾਲੋਂ ਵੀ ਬਿਹਤਰ ਹੈ।
ਰਿਪੋਰਟ ਅਨੁਸਾਰ, ਮਹਾਂਮਾਰੀ ਦੌਰਾਨ ਸਰਕਾਰੀ ਸਕੂਲਾਂ ਵਿਚ ਦਾਖ਼ਲਾ 2018 ਦੇ 65.6% ਤੋਂ ਵਧ ਕੇ 2022 ਵਿਚ 72.9% ਹੋ ਗਿਆ। ਪਰ ਹੁਣ ਇਹ ਗਿਣਤੀ ਘਟ ਕੇ 66.8% ਰਹਿ ਗਈ ਹੈ। ਪ੍ਰਾਈਵੇਟ ਸਕੂਲਾਂ ਵਿਚ ਦਾਖ਼ਲਾ, ਜੋ ਕਿ 2006 ਵਿਚ 18.7% ਸੀ, 2014 ਵਿਚ ਵਧ ਕੇ 30.8% ਹੋ ਗਿਆ ਅਤੇ ਹੁਣ ਲਗਾਤਾਰ ਵਾਧਦਾ ਜਾ ਰਿਹਾ ਹੈ। ਇਹ ਤਬਦੀਲੀ ਪੇਂਡੂ ਭਾਰਤ ਵਿਚ ਵੀ ਸਾਫ਼ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦੌਰਾਨ ਭਾਰੀ ਫ਼ੀਸਾਂ ਵਸੂਲਣ ਅਤੇ ਕਲਾਸਾਂ ਨਾ ਲੱਗਣ ਕਾਰਨ ਕਈ ਮਾਪਿਆਂ ਨੇ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਇਆ ਸੀ।
ਬੱਚਿਆਂ ਵਿਚ ਸਮਾਰਟਫ਼ੋਨ ਦੀ ਵਰਤੋਂ ਚਿੰਤਾਜਨਕ : ਰਿਪੋਰਟ ਵਿਚ ਇਹ ਵੀ ਪ੍ਰਗਟਾਵਾ ਹੋਇਆ ਹੈ ਕਿ 14-16 ਸਾਲ ਦੇ 82% ਬੱਚੇ ਸਮਾਰਟਫ਼ੋਨ ਚਲਾਉਣਾ ਜਾਣਦੇ ਹਨ, ਪਰ ਉਨ੍ਹਾਂ ਵਿਚੋਂ ਸਿਰਫ਼ 57% ਹੀ ਇਸਦੀ ਵਰਤੋਂ ਅਧਿਐਨ ਲਈ ਕਰਦੇ ਹਨ। ਇਸ ਦੇ ਬਾਵਜੂਦ, ਸਿਖਿਆ ਦੇ ਪੱਧਰ ਵਿਚ ਮਹਾਂਮਾਰੀ ਦੌਰਾਨ ਆਈ ਗਿਰਾਵਟ ਤੋਂ ਪੂਰੀ ਤਰ੍ਹਾਂ ਉਪਰ ਉਠਣ ਦੇ ਸੰਕੇਤ ਹਨ।
ਪ੍ਰਾਇਮਰੀ ਜਮਾਤਾਂ ਵਿਚ ਸੁਧਾਰ : ਰਿਪੋਰਟ ਅਨੁਸਾਰ, ਤੀਜੀ ਜਮਾਤ ਦੇ ਬੱਚਿਆਂ ’ਚ ਦੂਜੀ ਜਮਾਤ ਦੇ ਪੱਧਰ ਦੀ ਪੜ੍ਹਾਈ ਕਰਨ ਦੀ ਯੋਗਤਾ 2022 ਦੇ 20.5% ਤੋਂ ਵਧ ਕੇ 2024 ਵਿਚ 27.1% ਹੋ ਗਈ ਹੈ। ਇਸੇ ਤਰ੍ਹਾਂ, 5ਵੀਂ ਜਮਾਤ ਦੇ ਬੱਚਿਆਂ ਵਿਚ ਸਿਖਿਆ ਦਾ ਪੱਧਰ ਵੀ 2022 ਦੇ 42.8% ਤੋਂ ਵਧ ਕੇ 48.8% ਹੋ ਗਿਆ ਹੈ। ਧਿਆਨਯੋਗ ਹੈ ਕਿ ਇਹ ਰਿਪੋਰਟ ਦੇਸ਼ ਦੇ 605 ਜ਼ਿਲ੍ਹਿਆਂ ਦੇ 17,997 ਪਿੰਡਾਂ ਦੇ 6,49,491 ਬੱਚਿਆਂ ਨਾਲ ਹੋਈ ਗੱਲਬਾਤ ’ਤੇ ਆਧਾਰਿਤ ਹੈ। ਇਸ ਨੂੰ ਐਨਜੀਓ ‘ਪ੍ਰਥਮ’ ਦੁਆਰਾ ਚਲਾਇਆ ਗਿਆ ਸੀ, ਜਿਸ ਵਿਚ ਸਥਾਨਕ ਸੰਸਥਾਵਾਂ ਦੀ ਮਦਦ ਨਾਲ ਡਾਟਾ ਇਕੱਠਾ ਕੀਤਾ ਗਿਆ ਸੀ।