ਯੋਗੀ ਅਦਿਤਿਆਨਾਥ ਨੇ ਕੀਤਾ ਦੇਸ਼ ਦੇ ਸਭ ਤੋਂ ਲੰਬੇ ਏਲੀਵੇਟਿਡ ਰੋਡ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਲੋਂ ਸ਼ੁੱਕਰਵਾਰ ਨੂੰ ਦੇਸ਼ ਦੇ ਸਭ ਤੋਂ ਲੰਬੇ ਛੇ ਲੇਨ ਸਿੰਗਲ ਪਿਲਰ 'ਤੇ ਬਣੇ ਏਲੀਵੇਟਿਡ ਰੋਡ ਦਾ ਉਦਘਾਟਨ ਕੀਤਾ ਗਿਆ।

Big Elevated Road Yogi Opening

ਲਖਨਊ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਲੋਂ ਸ਼ੁੱਕਰਵਾਰ ਨੂੰ ਦੇਸ਼ ਦੇ ਸਭ ਤੋਂ ਲੰਬੇ ਛੇ ਲੇਨ ਸਿੰਗਲ ਪਿਲਰ 'ਤੇ ਬਣੇ ਏਲੀਵੇਟਿਡ ਰੋਡ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ 1700 ਕਰੋੜ ਦੇ ਵਿਕਾਸ ਕੰਮਾਂ ਦਾ ਐਲਾਨ ਵੀ ਕੀਤਾ। ਗਾਜ਼ੀਆਬਾਦ ਵਿਚ ਬਣੇ ਦੇਸ਼ ਦੇ ਸਭ ਤੋਂ ਲੰਬੇ ਏਲੀਵੇਟਿਡ ਰੋਡ 'ਤੇ ਅੱਜ ਤੋਂ ਹੀ ਦੋ-ਪਹੀਆ ਅਤੇ ਚਾਰ ਪਹੀਆ ਵਾਹਨ ਦੌੜਨ ਲੱਗਣਗੇ। ਯੂਪੀ ਗੇਟ ਤੋਂ ਰਾਜਨਗਰ ਐਕਸਟੈਂਸ਼ਨ 'ਤੇ ਬਣਿਆ ਇਹ ਏਲੀਵੇਟਿਡ ਰੋਡ ਕਰੀਬ 10.30 ਕਿਲੋਮੀਟਰ ਲੰਬਾ ਹੈ। ਇਸ ਏਲੀਵੇਟਿਡ ਰੋਡ ਦੇ ਖੁੱਲ੍ਹਣ ਨਾਲ ਥੋੜ੍ਹੀ ਦੇਰ 'ਚ ਹੀ ਯੂਪੀ ਗੇਟ ਤੋਂ ਰਾਜਨਗਰ ਪਹੁੰਚਿਆ ਜਾ ਸਕੇਗਾ।

ਯੋਗੀ ਅਦਿਤਿਆਨਾਥ ਨੇ ਹਿੰਡਨ ਏਅਰ ਫੋਰਸ ਸਟੇਸ਼ਨ ਤੋਂ ਕਰਹੇੜਾ ਪੁਲ ਨੇੜੇ ਏਲੀਵੇਟਿਡ ਰੋਡ ਦਾ ਉਦਘਾਟਨ ਕੀਤਾ। ਇਸ ਮੌਕੇ ਗਾਜ਼ੀਆਬਾਦ ਦੇ ਸੰਸਦ ਵੀ.ਕੇ ਸਿੰਘ, ਯੂ.ਪੀ ਸਰਕਾਰ ਦੇ ਮੰਤਰੀ ਸ਼੍ਰੀਕਾਂਤ ਸ਼ਰਮਾ ਸਮੇਤ ਕਈ ਸਥਾਨਕ ਨੇਤਾ ਮੌਜੂਦ ਰਹੇ। ਉਦਘਾਟਨ ਤੋਂ ਬਾਅਦ ਮੁੱਖ ਮੰਤਰੀ ਕਵੀਨਗਰ ਵਿਚ ਇਕ ਰੈਲੀ ਨੂੰ ਵੀ ਸੰਬੋਧਨ ਕੀਤਾ। ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਸਨ। 

ਦਸ ਦਈਏ ਕਿ ਅਖਿਲੇਸ਼ ਸਰਕਾਰ ਦੇ ਕਾਰਜਕਾਲ ਦੌਰਾਨ ਨਵੰਬਰ 2014 ਵਿਚ ਇਸ ਪੁਲ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਸੀ। 227 ਸਿੰਗਲ ਪਿੱਲਰਾਂ 'ਤੇ ਛੇ ਲੇਨ 10.30 ਕਿਲੋਮੀਟਰ ਲੰਬੇ ਇਸ ਏਲੀਵੇਟਿਡ ਰੋਡ ਨੂੰ ਬਣਨ ਵਿਚ 3 ਸਾਲ ਚਾਰ ਮਹੀਨੇ ਤੋਂ ਜ਼ਿਆਦਾ ਸਮਾਂ ਲੱਗਿਆ।

ਜਾਣਕਾਰੀ ਮੁਤਾਬਕ ਸ਼ੁਰੂਆਤ 'ਚ ਇਸ ਰੋਡ 'ਤੇ ਕਾਰ ਅਤੇ ਦੋ-ਪਹੀਆ ਵਾਹਨ ਵੀ ਦੌੜਨਗੇ। ਇਸ ਏਲੀਵੇਟਿਡ ਰੋਡ ਦੇ ਖੁੱਲ੍ਹਣ ਨਾਲ ਦਿੱਲੀ ਅਤੇ ਮੇਰਠ ਜਾਣ ਵਾਲੇ ਯਾਤਰੀਆਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਨਵੀਂ ਦਿੱਲੀ ਤੋਂ ਮੇਰਠ ਪੁੱਜਣ ਵਿਚ ਵੀ ਕਾਫ਼ੀ ਘੱਟ ਸਮਾਂ ਲੱਗੇਗਾ।