'ਜੰਗ ਕਿਸੇ ਮਸਲੇ ਦਾ ਹੱਲ ਨਹੀਂ'
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਡੋਕਲਾਮ ਦੇ ਮੁੱਦੇ 'ਤੇ ਸਰਕਾਰ ਦੇ ਹੁੰਗਾਰੇ ਨੂੰ ਪੂਰੀ ਤਰ੍ਹਾਂ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਅਤੇ
ਡੋਕਲਾਮ ਟਕਰਾਅ ਕੂਟਨੀਤੀ ਰਾਹੀਂ ਸੁਲਝਾਇਆ ਜਾਵੇਗਾ : ਸੁਸ਼ਮਾ ਸਵਰਾਜ
ਨਵੀਂ ਦਿੱਲੀ, 3 ਅਗੱਸਤ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਡੋਕਲਾਮ ਦੇ ਮੁੱਦੇ 'ਤੇ ਸਰਕਾਰ ਦੇ ਹੁੰਗਾਰੇ ਨੂੰ ਪੂਰੀ ਤਰ੍ਹਾਂ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਅਤੇ ਸਿਰਫ਼ ਦੁਵੱਲੀ ਗੱਲਬਾਤ ਰਾਹੀਂ ਹੀ ਟਕਰਾਅ ਦੂਰ ਕੀਤੇ ਜਾ ਸਕਦੇ ਹਨ। ਵਿਰੋਧੀ ਧਿਰ ਵਲੋਂ ਦਿਤੇ ਸੁਝਾਅ ਕਿ ਸਰਹੱਦ 'ਤੇ ਖ਼ਤਰੇ ਨੂੰ ਟਾਲਣ ਲਈ ਫ਼ੌਜ ਦੀ ਨਫ਼ਰੀ ਵਿਚ ਵਾਧਾ ਕੀਤਾ ਜਾਵੇ, ਨੂੰ ਖ਼ਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਚੀਨ ਨਾਲ ਚੱਲ ਰਹੇ ਟਕਰਾਅ ਦਾ ਹੱਲ ਕੂਟਨੀਤੀ ਰਾਹੀਂ ਕਢਿਆ ਜਾ ਸਕਦਾ ਹੈ।
ਪਾਕਿਸਤਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਤਿਵਾਦ ਅਤੇ ਗੱਲਬਾਤ ਦੋਵੇਂ ਇਕੱਠੇ ਨਹੀਂ ਚੱਲ ਸਕਦੇ। ਵਿਦੇਸ਼ ਮੰਤਰੀ ਨੇ ਆਖਿਆ ਕਿ ਜਿਸ ਦਿਨ ਪਾਕਿਸਤਾਨ ਅਤਿਵਾਦ ਨੂੰ ਸ਼ਹਿ ਦੇਣੀ ਬੰਦ ਕਰ ਦੇਵੇਗਾ, ਭਾਰਤ ਉਸ ਸਮੇਂ ਗੱਲਬਾਤ ਸ਼ੁਰੂ ਕਰ ਦੇਵੇਗਾ।
ਇਸ ਤੋਂ ਪਹਿਲਾਂ ਰਾਜਾ ਸਭਾ ਵਿਚ ਅੱਜ ਵਿਰੋਧੀ ਧਿਰ ਨੇ ਕੇਂਦਰ ਸਰਕਾਰ ਦੀ ਵਿਦੇਸ਼ੀ ਨੀਤੀ 'ਤੇ ਸਵਾਲ ਖੜੇ ਕਰਦਿਆਂ ਗੁਆਂਢੀ ਮੁਲਕਾਂ ਨਾਲ ਤਲਖ਼ ਹੁੰਦੇ ਰਿਸ਼ਤਿਆਂ ਅਤੇ ਭਾਰਤ ਦੇ ਪੁਰਾਣੇ ਮਿੱਤਰ ਮੁਲਕਾਂ ਦੇ ਦੂਰ ਜਾਣ 'ਤੇ ਚਿੰਤਾ ਪ੍ਰਗਟ ਕੀਤੀ।
'ਭਾਰਤ ਦੀ ਵਿਦੇਸ਼ ਨੀਤੀ ਅਤੇ ਰਣਨੀਤਕ ਭਾਈਵਾਲਾਂ ਨਾਲ ਤਾਲਮੇਲ' ਵਿਸ਼ੇ 'ਤੇ ਕਰਵਾਈ ਗਈ ਥੋੜੇ ਸਮੇਂ ਦੀ ਚਰਚਾ ਦੌਰਾਨ ਕਾਂਗਰਸ ਦੇ ਆਨੰਦ ਸ਼ਰਮਾ ਨੇ ਚੀਨ ਨਾਲ ਸਰਹੱਦੀ ਵਿਵਾਦ ਕਾਰਨ ਪੈਦਾ ਹੋਏ ਤਣਾਅ ਦੇ ਮਾਮਲੇ ਵਿਚ ਸਾਰੀਆਂ ਪਾਰਟੀਆਂ ਵਲੋਂ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਦਾ ਵਿਸ਼ਵਾਸ ਦਿਵਾਉਂÎਦਿਆਂ ਕਿਹਾ ਕਿ ਇਸ ਦਾ ਕੂਟਨੀਤਕ ਹੱਲ ਕਢਿਆ ਜਾਣਾ ਚਾਹੀਦਾ ਹੈ। ਸ਼ਰਮਾ ਨੇ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਵਿਚ ਸਥਿਰਤਾ ਨਾ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਸਰਕਾਰ ਨੂੰ ਸੰਸਦ ਰਾਹੀਂ ਮੁਲਕ ਨੂੰ ਦਸਣਾ ਚਾਹੀਦਾ ਹੈ ਕਿ ਚੀਨ, ਪਾਕਿਸਤਾਨ ਅਤੇ ਸ੍ਰੀਲੰਕਾ ਸਮਣੇ ਹੋਰਨਾਂ ਗੁਆਂਢੀ ਮੁਲਕਾਂ ਨਾਲ ਵਿਗੜਦੇ ਰਿਸ਼ਤਿਆਂ ਨੂੰ ਦਰੁਸਤ ਕਰਨ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਹਨ? ਉਨ੍ਹਾਂ ਕਿਹਾ ਕਿ ਗੁਆਂਢੀਆਂ ਨਾਲ ਸਾਡੇ ਤਣਾਅਪੂਰਨ ਰਿਸ਼ਤੇ ਹਨ ਜਦਕਿ ਇਨ੍ਹਾਂ ਨੂੰ ਮਜ਼ਬੂਤ ਬਣਾਉਣ ਕਿਸੇ ਵੀ ਮੁਲਕ ਦੀ ਤਰਜੀਹ ਹੁੰਦੀ ਹੈ।
ਆਨੰਦ ਸ਼ਰਮਾ ਨੇ ਪਾਕਿਸਤਾਨ ਨੂੰ ਕੌਮਾਂਤਰੀ ਮੰਚ 'ਤੇ ਅਲੱਗ-ਥਲੱਗ ਕਰਨ ਤੋਂ ਬਚਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਚੀਨ ਅਤੇ ਪਾਕਿਸਤਾਨ ਸਾਡੇ ਗੁਆਂਢੀ ਹਨ ਅਤੇ ਇਸ ਹਾਲਤ ਨੂੰ ਅਸੀ ਬਦਲ ਨਹੀਂ ਸਕਦੇ।
ਉਨ੍ਹਾਂ ਨੇ ਪਾਕਿਸਤਾਨ ਵਲੋਂ ਗਵਾਦਰ ਬੰਦਰਗਾਹ ਅਤੇ ਸ੍ਰੀਲੰਕਾ ਵਲੋਂ ਹੰਬਨਟੋਟਾ ਬੰਦਰਗਾਹ ਚੀਨ ਨੂੰ ਦਿਤੇ ਜਾਣ 'ਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਨੂੰ ਅਪਣੀ ਵਿਦੇਸ਼ ਨੀਤੀ ਦਖੀ ਸਮੀਖਿਆ ਕਰਨ ਦੀ ਗੁਜ਼ਾਰਸ਼ ਕੀਤੀ।
ਇਸੇ ਦਰਮਿਆਨ ਸੰਸਦ ਵਿਚ 'ਬਲੂ ਵ੍ਹੇਲ' ਵਰਗੀਆਂ ਆਨਲਾਈਨ ਖੇਡਾਂ 'ਤੇ ਪਾਬੰਦੀ ਦੀ ਮੰਗ ਵੀ ਉਠੀ ਜਿਨ੍ਹਾਂ ਕਾਰਨ ਬੱਚਿਆਂ ਦੇ ਮਨ 'ਤੇ ਬੇਹੱਦ ਮਾੜਾ ਅਸਰ ਪੈ ਰਿਹਾ ਹੈ। ਅਜਿਹੀਆਂ ਆਨਲਾਈਨ ਖੇਡਾਂ ਕਾਰਨ 130 ਬੱਚੇ ਖ਼ੁਦਕੁਸ਼ੀ ਕਰ ਚੁੱਕੇ ਹਨ। (ਏਜੰਸੀ)