ਵਿਗਿਆਨੀਆਂ ਨੇ ਖੋਜਿਆ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਨੁੱਖੀ ਸਰੀਰ 'ਤੇ ਲੰਬੇ ਸਮੇਂ ਤੋਂ ਖੋਜਾਂ ਹੁੰਦੀਆਂ ਆ ਰਹੀਆਂ ਹਨ, ਜਿਨ੍ਹਾਂ ਨਾਲ ਵਿਗਿਆਨੀਆਂ ਨੇ ਕਈ ਬਿਮਾਰੀਆਂ ਦੇ ਇਲਾਜ ਵੀ ਲੱਭੇ ਹਨ ਪਰ ਹੁਣ ਵਿਗਿਆਨੀਆਂ ਨੇ ਇਕ

Interstitium New Organ Discovered Human Body

ਨਵੀਂ ਦਿੱਲੀ : ਮਨੁੱਖੀ ਸਰੀਰ 'ਤੇ ਲੰਬੇ ਸਮੇਂ ਤੋਂ ਖੋਜਾਂ ਹੁੰਦੀਆਂ ਆ ਰਹੀਆਂ ਹਨ, ਜਿਨ੍ਹਾਂ ਨਾਲ ਵਿਗਿਆਨੀਆਂ ਨੇ ਕਈ ਬਿਮਾਰੀਆਂ ਦੇ ਇਲਾਜ ਵੀ ਲੱਭੇ ਹਨ ਪਰ ਹੁਣ ਵਿਗਿਆਨੀਆਂ ਨੇ ਇਕ ਅਜਿਹਾ ਅੰਗ ਖੋਜਿਆ ਹੈ ਜੋ ਸ਼ਾਇਦ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੋ ਸਕਦਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤਕ ਵਿਗਿਆਨੀ ਇਸ ਤੋਂ ਅਣਜਾਣ ਸਨ। ਇਸ ਅੰਗ ਦਾ ਨਾਂ ਇੰਟਰਸਿਟੀਅਮ ਹੈ। ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਨਵੀਂ ਖੋਜ ਦੀ ਮਦਦ ਨਾਲ ਮਨੁੱਖ ਦੇ ਸਰੀਰ ਵਿਚ ਕੈਂਸਰ ਕਿਵੇਂ ਫੈਲਦਾ ਹੈ, ਇਸ ਨੂੰ ਅਸਾਨੀ ਨਾਲ ਸਮਝਿਆ ਜਾ ਸਕੇਗਾ।

ਇੰਟਰਸਿਟੀਅਮ ਮਨੁੱਖੀ ਸਰੀਰ ਦਾ 80ਵਾਂ ਅੰਗ ਹੋਵੇਗਾ। ਮਨੁੱਖੀ ਸਰੀਰ ਵਿਚ ਅੰਗਾਂ, ਕੋਸ਼ਿਕਾ ਸਮੂਹਾਂ ਅਤੇ ਊਤਕਾਂ ਦੇ ਵਿਚਕਾਰ ਮੌਜੂਦ ਫਲੂਡ ਭਾਵ ਦ੍ਰਵ ਪਦਾਰਥਾਂ ਦਾ ਨੈੱਟਵਰਕ ਇੰਟਰਸਿਟੀਅਮ ਹੈ। ਹੁਣ ਤੋਂ ਪਹਿਲਾਂ ਇਸ ਅੰਗ ਨੂੰ ਸਰੀਰ ਵਿਚ ਇਕ-ਦੂਜੇ ਨਾਲ ਜੁੜੇ ਊਤਕਾਂ ਦੀ ਡੂੰਘੀ ਸੰਰਚਨਾ ਸਮਝਿਆ ਜਾਂਦਾ ਸੀ। ਮਾਹਿਰਾਂ ਮੁਤਾਬਕ ਫਲੂਡ ਨਾਲ ਭਰੇ ਕਪਾਰਟਮੈਂਟ ਦਾ ਇਹ ਨੈੱਟਵਰਕ 'ਸ਼ਾਕ ਅਬਜ਼ਰਵਰ' ਵਾਂਗ ਕੰਮ ਕਰ ਸਕਦਾ ਹੈ। 

ਇੰਟਰਸਿਟੀਅਮ ਦਾ ਜ਼ਿਆਦਾਤਰ ਹਿੱਸਾ ਚਮੜੀ ਦੀ ਉਪਰਲੀ ਪਰਤ ਦੇ ਠੀਕ ਹੇਠਾਂ ਹੁੰਦਾ ਹੈ। ਇਸ ਦੇ ਨਾਲ ਹੀ ਇਹ ਅੰਤੜੀਆਂ, ਫੇਫੜੇ, ਖ਼ੂਨ ਨਲੀਆਂ ਅਤੇ ਮਾਸਪੇਸ਼ੀਆਂ ਦੇ ਹੇਠਾਂ ਵੀ ਪਰਤ ਦੇ ਰੂਪ ਵਿਚ ਪਾਏ ਜਾਂਦੇ ਹਨ। ਇਹ ਆਪਸ ਵਿਚ ਜੁੜ ਕੇ ਇਕ ਨੈੱਟਵਰਕ ਬਣਾਉਣੇ ਹਨ, ਜਿਸ ਨੂੰ ਮਜ਼ਬੂਤ ਅਤੇ ਲਚਕੀਲੇ ਪ੍ਰੋਟੀਨ ਦੇ ਜਾਲ ਦਾ ਸਪੋਰਟ ਮਿਲਿਆ ਹੁੰਦਾ ਹੈ। 

ਵਿਗਿਆਨੀਆਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਇੰਟਰਸਿਟੀਅਮ ਦੇ ਵਿਚਕਾਰਲੇ ਖ਼ਾਲੀ ਸਥਾਨ ਸਰੀਰ ਵਿਚ ਕੈਂਸਰ ਫੈਲਣ ਵਿਚ ਮਦਦ ਕਰਦੇ ਹੋਣ। ਇਸ ਪਰਤ ਦੇ ਹੇਠਾਂ ਪਹੁੰਚਣ ਤੋਂ ਬਾਅਦ ਹੀ ਕੈਂਸਰ ਪੂਰੇ ਸਰੀਰ ਵਿਚ ਫੈਲਣ ਲਗਦਾ ਹੈ। ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਨਵੀਂ ਖੋਜ ਨਾਲ ਕੈਂਸਰ ਦੇ ਇਲਾਜ ਵਿਚ ਮਦਦ ਮਿਲੇਗੀ। 

ਜ਼ਿਕਰਯੋਗ ਹੈ ਕਿ ਸਦੀਆਂ ਤੋਂ ਮਨੁੱਖੀ ਸਰੀਰ ਦਾ ਅਧਿਐਨ ਕੀਤਾ ਜਾਂਦਾ ਹੈ। ਹੁਣ ਤਕ ਇਹੀ ਤੱਥ ਸੀ ਕਿ ਮਨੁੱਖੀ ਸਰੀਰ ਵਿਚ ਕੁਲ 79 ਅੰਗ ਹੁੰਦੇ ਹਨ। ਇਸ ਨਵੀਂ ਖੋਜ ਦਾ ਹੈਰਾਨੀਜਨਕ ਪਹਿਲੂ ਇਹ ਹੈ ਕਿ ਸਰੀਰ ਦਾ ਸਭ ਤੋਂ ਵੱਡਾ ਅੰਗ ਹੋਣ ਦੇ ਬਾਵਜੂਦ ਅਸੀਂ ਸਾਲਾਂ ਤੋਂ ਇਸ ਤੋਂ ਅਣਜਾਣ ਸੀ।