ਮਹਾਂਗਠਜੋੜ ਜ਼ਰੂਰੀ ਕਿ ਭ੍ਰਿਸ਼ਟ ਸਾਥੀਆਂ ਤੋਂ ਦੂਰੀ?
ਬਿਹਾਰ ਵਿਚ ਸੱਤਾਧਾਰੀ ਜਨਤਾ ਦਲ-ਯੂ ਨੇ ਭਾਜਪਾ ਨਾਲ ਗਠਜੋੜ ਦੀ ਹਮਾਇਤ ਨਾ ਕਰਨ 'ਤੇ ਅਪਣੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਨੂੰ ਕਰੜੇ ਹੱਥੀਂ ਲੈਂਦਿਆਂ ਭ੍ਰਿਸ਼ਟਾਚਾਰ ਨਾਲ..
ਪਟਨਾ, 3 ਅਗੱਸਤ : ਬਿਹਾਰ ਵਿਚ ਸੱਤਾਧਾਰੀ ਜਨਤਾ ਦਲ-ਯੂ ਨੇ ਭਾਜਪਾ ਨਾਲ ਗਠਜੋੜ ਦੀ ਹਮਾਇਤ ਨਾ ਕਰਨ 'ਤੇ ਅਪਣੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਨੂੰ ਕਰੜੇ ਹੱਥੀਂ ਲੈਂਦਿਆਂ ਭ੍ਰਿਸ਼ਟਾਚਾਰ ਨਾਲ ਸਮਝੌਤਾ ਕਰਨ ਦਾ ਦੋਸ਼ ਲਾਇਆ।
ਜਨਤਾ ਦਲ-ਯੂ ਦੇ ਮੁੱਖ ਬੁਲਾਰੇ ਸੰਜੇ ਸਿੰਘ ਨੇ ਕਿਹਾ, ''ਸ਼ਰਦ ਯਾਦਗ ਲਗਾਤਾਰ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦੀ ਸ਼ਮੂਲੀਅਤ ਵਾਲੇ ਮਹਾਂਗਠਜੋੜ ਦੀ ਹਮਾਇਤ ਕਰ ਕੇ ਭ੍ਰਿਸ਼ਟਾਚਾਰ ਨਾਲ ਸਮਝੌਤਾ ਕਰ ਰਹੇ ਹਨ।'' ਸੰਜੇ ਸਿੰਘ ਨੂੰ ਸਵਾਲ ਕੀਤਾ ਗਿਆ ਸੀ ਕਿ ਰਾਜ ਸਭਾ ਮੈਂਬਰ ਸ਼ਰਦ ਯਾਦਵ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਵਿਰੋਧ ਕਿਉਂ ਕਰ ਰਹੇ ਹਨ।
ਸੰਜੇ ਸਿੰਘ ਨੇ ਸ਼ਰਦ ਯਾਦਵ ਵਲੋਂ ਨਵੀਂ ਦਿੱਲੀ ਵਿਖੇ 17 ਅਗੱਸਤ ਨੂੰ ਫ਼ਿਰਕੂਵਾਦ ਦੇ ਮੁੱਦੇ 'ਤੇ ਕਰਵਾਏ ਜਾ ਰਹੇ ਸੈਮੀਨਾਰ 'ਤੇ ਸਵਾਲ ਉਠਾਏ ਜੋ ਪਟਨਾ ਵਿਖੇ ਜਨਤਾ ਦਲ-ਯੂ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਤੋਂ ਦੋ ਦਿਨ ਪਹਿਲਾਂ ਹੋ ਰਿਹਾ ਹੈ। ਕਾਂਗਰਸ ਅਤੇ ਖੱਬੀਆਂ ਧਿਰਾਂ ਤੋਂ ਇਲਾਵਾ ਕਈ ਖੇਤਰੀ ਪਾਰਟੀਆਂ ਦੇ ਆਗੂ ਸੈਮੀਨਾਰ ਵਿਚ ਸ਼ਾਮਲ ਹੋਣਗੇ।
ਪਾਰਟੀ ਦੇ ਇਕ ਹੋਰ ਬੁਲਾਰੇ ਨੀਰਜ ਕੁਮਾਰ ਨੇ ਕਿਹਾ, ''ਇਹ ਸਮਝਣਾ ਬਹੁਤ ਮੁਸ਼ਕਲ ਹੈ ਕਿ ਸ਼ਰਦ ਯਾਦਵ ਦਾਗ਼ੀ ਆਗੂਆਂ ਦਾ ਸਮਰਥਨ ਕਿਉਂ ਕਰ ਰਹੇ ਹਨ?'' ਇਹ ਪਹਿਲੀ ਵਾਰ ਹੈ ਜਦੋਂ ਜਨਤਾ ਦਲ-ਯੂ ਦੇ ਆਗੂਆਂ ਨੇ ਸ਼ਰਦ ਯਾਦਵ ਨੂੰ ਸਿੱਧੇ ਤੌਰ 'ਤੇ ਨਿਸ਼ਾਨਾ ਬਣਾਇਆ ਹੈ। ਸ਼ਰਦ ਯਾਦਵ ਨੇ ਬੀਤੇ ਦਿਨੀਂ ਕਿਹਾ ਸੀ ਕਿ ਮਹਾਂਗਠਜੋੜ ਟੁੱਟਣ ਦਾ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ। (ਏਜੰਸੀ)