ਕੇਰਲ 'ਚ ਰਾਸ਼ਟਰਪਤੀ ਰਾਜ ਲਾਗੂ ਕਰ ਕੇ ਸਿਆਸੀ ਹਤਿਆਵਾਂ ਦੀ ਨਿਆਇਕ ਜਾਂਚ ਕਰਵਾਈ ਜਾਵੇ: ਸੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਨੇ ਖੱਬੇ ਮੋਰਚੇ ਦੀ ਸੱਤਾ ਵਾਲੇ ਕੇਰਲ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਸੂਬੇ ਵਿਚ ਸੰਵਿਧਾਨਕ..

RSS

 

ਨਵੀਂ ਦਿੱਲੀ, 4 ਅਗੱਸਤ : ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਨੇ ਖੱਬੇ ਮੋਰਚੇ ਦੀ ਸੱਤਾ ਵਾਲੇ ਕੇਰਲ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਸੂਬੇ ਵਿਚ ਸੰਵਿਧਾਨਕ ਢਾਂਚਾਂ ਤਬਾਹ ਹੋ ਚੁੱਕਾ ਹੈ ਅਤੇ ਰਾਜ ਸਰਕਾਰ ਦੀ ਸ਼ਹਿ 'ਤੇ ਆਰ.ਐਸ.ਐਸ. ਅਤੇ ਭਾਜਪਾ ਵਰਕਰਾਂ ਉਪਰ ਯੋਜਨਾਬੱਧ ਹਮਲੇ ਕਰ ਕੇ ਹਤਿਆਵਾਂ ਕੀਤੀਆਂ ਜਾ ਰਹੀਆਂ ਹਨ।
ਸੰਘ ਨੇ ਕੇਰਲ ਵਿਚ ਸਿਆਸੀ ਹਤਿਆਵਾਂ ਦੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਵੀ ਕੀਤੀ। ਆਰ.ਐਸ.ਐਸ. ਦੇ ਸੰਯੁਕਤ ਜਨਰਲ ਸਕੱਤਰ ਦੱਤਾਤ੍ਰੇਯ ਹੋਸਬੋਲੇ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 13 ਮਹੀਨੇ ਵਿਚ ਆਰ.ਐਸ.ਐਸ. ਦੇ 14 ਵਰਕਰਾਂ ਦੀ ਕਥਿਤ ਤੌਰ 'ਤੇ ਸੀ.ਪੀ.ਐਮ. ਨਾਲ ਸਬੰਧਤ ਅਪਰਾਧੀਆਂ ਨੇ ਹਤਿਆ ਕਰ ਦਿਤੀ। ਇਹ ਕਮਿਊਨਿਸਟਾਂ ਦੀ ਤਾਲਿਬਾਨੀ ਮਾਨਸਿਕਤਾ ਦਾ ਸਬੂਤ ਹੈ।
ਉਨ੍ਹਾਂ ਕਿਹਾ ਕਿ ਇਹ ਯੋਜਨਾਬੱਧ ਅਤੇ ਨਿਸ਼ਾਨਾ ਤੈਅ ਕਰ ਕੇ ਕੀਤੇ ਗਏ ਹਮਲੇ ਹਨ ਅਤੇ ਇਨ੍ਹਾਂ ਵਿਚ ਮੁੱਖ ਤੌਰ 'ਤੇ ਸੰਘ ਦੇ ਦਲਿਤ ਪ੍ਰਚਾਰਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਵੱਡੀ ਗਿਣਤੀ ਵਿਚ ਦਲਿਤ, ਮਛੇਰੇ, ਸਫ਼ਾਈ ਕਰਨ ਵਾਲੇ ਅਤੇ ਟਰੱਕ ਡਰਾਈਵਰ ਸੰਘ ਵਿਚ ਸ਼ਾਮਲ ਹੋ ਰਹੇ ਹਨ ਅਤੇ ਸੀ.ਪੀ.ਐਮ. ਨੂੰ ਇਹ ਸੱਭ ਬਰਦਾਸ਼ਤ ਨਹੀਂ ਹੋ ਰਿਹਾ।
(ਏਜੰਸੀ)