ਲੋਕ ਸਭਾ 'ਚ ਸੱਤਾਧਾਰੀ ਧਿਰ ਦੇ ਹੰਗਾਮੇ ਕਾਰਨ ਬੈਠਕ ਪੂਰੇ ਦਿਨ ਲਈ ਮੁਲਤਵੀ
ਕਾਂਗਰਸ 'ਤੇ ਇਕ ਹਵਾਲਾ ਕਾਰੋਬਾਰੀ ਨਾਲ ਰਿਸ਼ਤਾ ਰੱਖਣ ਦਾ ਦੋਸ਼ ਲਾਉਂਦਿਆਂ ਭਾਜਪਾ ਦੇ ਮੈਂਬਰਾਂ ਨੇ ਜ਼ੋਰਦਾਰ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ
ਨਵੀਂ ਦਿੱਲੀ, 4 ਅਗੱਸਤ : ਕਾਂਗਰਸ 'ਤੇ ਇਕ ਹਵਾਲਾ ਕਾਰੋਬਾਰੀ ਨਾਲ ਰਿਸ਼ਤਾ ਰੱਖਣ ਦਾ ਦੋਸ਼ ਲਾਉਂਦਿਆਂ ਭਾਜਪਾ ਦੇ ਮੈਂਬਰਾਂ ਨੇ ਜ਼ੋਰਦਾਰ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰਨੀ ਪਈ।
ਸਿਫ਼ਰ ਕਾਲ ਦੌਰਾਨ ਭਾਜਪਾ ਦੇ ਕੇ. ਸੌਮਈਆ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਇਕ ਹਵਾਲਾ ਕਾਰੋਬਾਰੀ ਨਾਲ ਸਬੰਧ ਹਨ ਅਤੇ ਵਿੱਤ ਮੰਤਰੀ ਨੂੰ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਇਹ ਹਵਾਲਾ ਕਾਰੋਬਾਰੀ ਕੌਣ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਵਾਲਾ ਆਪ੍ਰੇਟਰ ਵਲੋਂ ਕੀਤੀ ਚਾਰ ਕਰੋੜ ਦੀ ਅਦਾਇਗੀ ਕਥਿਤ ਤੌਰ 'ਤੇ ਕਾਂਗਰਸ ਤਕ ਪਹੁੰਚੀ। ਸੌਮਈਆ ਦੇ ਇਹ ਗੱਲ ਕਹਿੰਦਿਆਂ ਹੀ ਭਾਜਪਾ ਦੇ ਮੈਂਬਰ ਅਪਣੀਆਂ ਸੀਟਾਂ ਤੋਂ ਖੜੇ ਹੋ ਕੇ 'ਸ਼ਰਮ ਕਰੋ'-'ਸ਼ਰਮ ਕਰੋ' ਦੇ ਨਾਹਰੇ ਲਾਉਣ ਲੱਗੇ। ਇਸ 'ਤੇ ਕਾਂਗਰਸੀ ਮੈਂਬਰਾਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਅਤੇ ਹੰਗਾਮਾ ਵਧਦਾ ਵੇਖ ਸਪੀਕਰ ਸੁਮਿਤਰਾ ਮਹਾਜਨ ਨੇ ਕਾਰਵਾਈ ਬਾਅਦ ਦੁਪਹਿਰ 3.30 ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ। ਅੱਜ ਸ਼ੁਕਰਵਾਰ ਹੋਣ ਕਾਰਨ ਸਦਨ ਵਿਚ ਸਾਢੇ ਤਿੰਨ ਵਜੇ ਗ਼ੈਰਸਰਕਾਰੀ ਕੰਮਕਾਜ ਹੋਣਾ ਸੀ। ਸਦਨ ਦੀ ਅਗਲੀ ਬੈਠਕ 8 ਅਗੱਸਤ ਨੂੰ ਹੋਵੇਗੀ। (ਏਜੰਸੀ)