ਧਾਰਮਕ ਕੱਟੜਤਾ ਦੇ ਖ਼ਾਤਮੇ ਲਈ ਇਕੋ-ਇਕ ਰਾਹ ਹੈ ਗੱਲਬਾਤ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੁਨੀਆਂ ਭਰ ਦੇ ਵੱਖ ਵੱਖ ਤਬਕਿਆਂ ਵਿਚ ਵੰਡੀਆਂ ਪਾਉਣ ਅਤੇ ਦੇਸ਼ਾਂ ਤੇ ਸਮਾਜ ਵਿਚ ਟਕਰਾਅ ਦੀ ਬੀਜ ਬੀਜਨ ਵਾਲੀ...

Narendra Modi

ਨਵੀਂ ਦਿੱਲੀ, 5 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੁਨੀਆਂ ਭਰ ਦੇ ਵੱਖ ਵੱਖ ਤਬਕਿਆਂ ਵਿਚ ਵੰਡੀਆਂ ਪਾਉਣ ਅਤੇ ਦੇਸ਼ਾਂ ਤੇ ਸਮਾਜ ਵਿਚ ਟਕਰਾਅ ਦੀ ਬੀਜ ਬੀਜਨ ਵਾਲੀ ਧਾਰਮਕ ਕੱਟੜਤਾ ਨੂੰ ਸਿਰਫ਼ ਗੱਲਬਾਤ ਰਾਹੀਂ ਹੀ ਖ਼ਤਮ ਕੀਤਾ ਜਾ ਸਕਦਾ ਹੈ।
ਮੋਦੀ ਨੇ ਕਿਹਾ, ''21ਵੀਂ ਸਦੀ ਵਿਚ ਜਦੋਂ ਦੁਨੀਆਂ ਦੇ ਮੁਲਕ ਅਤਿਵਾਦ ਅਤੇ ਵਾਤਾਵਰਣ ਤਬਦੀਲੀਆਂ ਦੀਆਂ ਚੁਨੌਤੀਆਂ ਨਾਲ ਜੂਝ ਰਹੇ ਹਨ, ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਏਸ਼ੀਆ ਦੀ ਸੱਭ ਤੋਂ ਪੁਰਾਣੀ ਰਵਾਇਤ 'ਗੱਲਬਾਤ' ਰਾਹੀਂ ਹੀ ਨਿਕਲ ਸਕੇਗਾ।'' ਉਨ੍ਹਾਂ ਕਿਹਾ, ''ਮੈਂ ਮੈਂ ਪੁਰਾਤਨ ਭਾਰਤ ਦੀ ਉਸ ਰਵਾਇਤ ਦੀ ਪੈਦਾਇਸ਼ ਹਾਂ ਜੋ ਗੁੰਝਲਦਾਰ ਮੁੱਦਿਆਂ 'ਤੇ ਗੱਲਬਾਤ ਵਿਚ ਵਿਸ਼ਵਾਸ ਰਖਦੀ ਹੈ।''
ਪ੍ਰਧਾਨ ਮੰਤਰੀ ਨੇ ਰੰਗੂਨ ਵਿਚ ਹੋ ਰਹੇ ਸੈਮੀਨਾਰ 'ਗਲੋਬਲ ਇਨੀਸ਼ੀਏਟਿਵ ਆਨ ਕਨਫ਼ਲਿਕਟ ਅਵਾਏਡੈਂਸ ਐਂਡ ਇਨਵਾਇਰਮੈਂਟ ਕੌਂਸ਼ੀਅਸਨੈਸ' ਦੇ ਦੂਜੇ ਐਡੀਸ਼ਨ ਲਈ ਵੀਡੀਉ ਸੁਨੇਹੇ ਦੌਰਾਨ ਇਹ ਪ੍ਰਗਟਾਵਾ ਕੀਤਾ। ਮੋਦੀ ਨੇ ਕਿਹਾ, ''ਭਾਰਤ ਦਾ ਤਰਕ ਸ਼ਾਸਤਰ ਦਾ ਸਿਧਾਂਤ ਗੱਲਬਾਤ 'ਤੇ ਆਧਾਰਤ ਹੈ ਜੋ ਟਕਰਾਅ ਤੋਂ ਬਚਣ ਅਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਦਾ ਮਾਡਲ ਹੈ।'' ਮੋਦੀ ਨੇ ਭਗਵਾਨ ਰਾਮ, ਕ੍ਰਿਸ਼ਨ, ਬੁੱਧ ਅਤੇ ਭਗਤ ਪ੍ਰਹਿਲਾਦ ਦੀਆਂ ਮਿਸਾਲਾਂ ਪੇਸ਼ ਕਰਦਿਆਂ ਕਿ ਇਨ੍ਹਾਂ ਦੇ ਹਰ ਕੰਮ ਦਾ ਮਕਸਦ ਧਰਮ ਨੂੰ ਕਾਇਮ ਰਖਣਾ ਸੀ ਅਤੇ ਇਸ ਕਾਰਨ ਭਾਰਤੀ ਲੋਕ ਪੁਰਾਤਨ ਸਮੇਂ ਤੋਂ ਆਧੁਨਿਕ ਸਮੇਂ ਤਕ ਕਾਇਮ ਰਹਿ ਸਕੇ।
ਵਾਤਾਵਰਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮਨੁੱਖ ਨੂੰ ਕੁਦਰਤੀ ਸੋਮਿਆਂ ਨੂੰ ਸਿਰਫ਼ ਅਪਣੇ ਹਿਤਾਂ ਲਈ ਨਹੀਂ ਵਰਤਣਾ ਚਾਹੀਦਾ ਸਗੋਂ ਇਨ੍ਹਾਂ ਨਾਲ ਜੁੜਨਾ ਅਤੇ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਮਨੁੱਖ ਕੁਦਰਤ ਦਾ ਧਿਆਨ ਨਹੀਂ ਰਖਦਾ ਤਾਂ ਕੁਦਰਤ ਅਪਣੀ ਪ੍ਰਤੀਕਿਰਿਆ ਵਾਤਾਵਰਣ ਤਬਦੀਲੀਆਂ ਦੇ ਰੂਪ ਵਿਚ ਦਿੰਦੀ ਹੈ। (ਏਜੰਸੀ)