ਕਰਨਾਟਕ ਦੇ ਮੰਤਰੀ ਸ਼ਿਵਕੁਮਾਰ ਦੇ ਟਿਕਾਣਿਆਂ 'ਤੇ ਦੂਜੇ ਦਿਨ ਵੀ ਛਾਪੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮਦਨ ਕਰ ਵਿਭਾਗ ਨੇ ਕਰਨਾਟਕ ਦੇ ਊਰਜਾ ਮੰਤਰੀ ਡੀ.ਕੇ. ਸ਼ਿਵਕੁਮਾਰ, ਉਸ ਦੇ ਪਰਵਾਰ ਅਤੇ ਰਿਸ਼ਤੇਦਾਰਾਂ ਦੇ ਟਿਕਾਣਿਆਂ 'ਤੇ ਅੱਜ ਦੂਜੇ ਦਿਨ ਵੀ ਛਾਪੇ ਮਾਰੇ ਜਿਨ੍ਹਾਂ ਦੌਰਾਨ..

Raid

ਬੰਗਲੌਰ, 3 ਅਗੱਸਤ : ਆਮਦਨ ਕਰ ਵਿਭਾਗ ਨੇ ਕਰਨਾਟਕ ਦੇ ਊਰਜਾ ਮੰਤਰੀ ਡੀ.ਕੇ. ਸ਼ਿਵਕੁਮਾਰ, ਉਸ ਦੇ ਪਰਵਾਰ ਅਤੇ ਰਿਸ਼ਤੇਦਾਰਾਂ ਦੇ ਟਿਕਾਣਿਆਂ 'ਤੇ ਅੱਜ ਦੂਜੇ ਦਿਨ ਵੀ ਛਾਪੇ ਮਾਰੇ ਜਿਨ੍ਹਾਂ ਦੌਰਾਨ ਬਰਾਮਦ ਰਕਮ 15 ਕਰੋੜ ਦਾ ਅੰਕੜਾ ਟੱਪ ਗਈ ਹੈ। ਗੁਜਰਾਤ ਦੇ 44 ਕਾਂਗਰਸੀ ਵਿਧਾਇਕਾਂ ਦੀ ਮੇਜ਼ਬਾਨੀ ਕਰ ਰਹੇ ਸ਼ਿਵਕੁਮਾਰ ਦੇ 64 ਟਿਕਾਣਿਆਂ 'ਤੇ ਛਾਪੇ ਮਾਰੇ ਜਾ ਚੁੱਕੇ ਹਨ।
ਆਮਦਨ ਕਰ ਵਿਭਾਗ ਵਲੋਂ ਕੀਤੀ ਗਈ ਕਾਰਵਾਈ ਨਾਲ ਸਿਆਸੀ ਤੂਫ਼ਾਨ ਆ ਗਿਆ ਅਤੇ ਛਾਪਿਆਂ ਦਾ ਮੁੱਦਾ ਸੰਸਦ ਵਿਚ ਗੂੰਜਿਆ। ਕਰਨਾਟਕ ਵਿਚ ਸੱਤਾਧਾਰੀ ਕਾਂਗਰਸ ਨੇ ਅੱਜ ਰੋਸ ਵਿਖਾਵੇ ਕੀਤੇ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਤਾਨਾਸ਼ਾਹੀ ਰਵਈਆ ਅਖ਼ਤਿਆਰ ਕਰਨ ਅਤੇ ਜਮਹੂਰੀਅਤ ਦਾ ਗਲਾ ਦਬਾਉਣ ਦਾ ਦੋਸ਼ ਲਾਇਆ।
ਕਿਸਾਨ ਪਰਵਾਰ ਨਾਲ ਸਬੰਧਤ ਸ਼ਿਵਕੁਮਾਰ ਸੂਬੇ ਦੀ ਵੋਕਾਲਿੰਗਾ ਬਰਾਦਰੀ ਦੇ ਤਾਕਤਵਰ ਆਗੂ ਹਨ ਅਤੇ ਉਨ੍ਹਾਂ ਨੂੰ ਦੇਸ਼ ਦੇ ਸੱਭ ਤੋਂ ਅਮੀਰ ਮੰਤਰੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ। 2013 ਦੀਆਂ ਲੋਕ ਸਭਾ ਚੋਣਾਂ ਵਿਚ ਦਾਖ਼ਲ ਕੀਤੇ ਹਲਫ਼ਨਾਮੇ ਵਿਚ ਉਨ੍ਹਾਂ ਨੇ 251 ਕਰੋੜ ਰੁਪਏ ਤੋਂ ਵੱਧ ਸੰਪਤੀ ਵਿਖਾਈ ਸੀ। ਕਾਂਗਰਸ ਹਾਈ ਕਮਾਨ ਨਾਲ ਨੇੜਤਾ ਰੱਖਣ ਵਾਲੇ ਸ਼ਿਵਕੁਮਾਰ ਨੂੰ ਪਾਰਟੀ ਨੂੰ ਮੁਸ਼ਕਲਾਂ ਤੋਂ ਬਚਾਉਣ ਵਾਲਾ ਮੰਨਿਆ ਜਾਂਦਾ ਹੈ। ਉਹ ਛੇਵੀਂ ਵਾਰ ਵਿਧਾਇਕ ਬਣੇ ਹਨ।
ਦੂਜੇ ਦਿਨ ਮਾਰੇ ਗਏ ਛਾਪਿਆਂ ਦੌਰਾਨ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਕਈ ਦਸਤਾਵੇਜ਼ ਅਤੇ ਬੈਂਕ ਖਾਤਿਆਂ ਨਾਲ ਸਬੰਧਤ ਕਾਪੀਆਂ ਬਰਾਮਦ ਕੀਤੀਆਂ।  ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹੁਣ ਤਕ ਦਿੱਲੀ ਤੋਂ ਕਰੀਬ 8.33 ਕਰੋੜ ਰੁਪਏ, ਬੰਗਲੌਰ ਤੋਂ 2.5 ਕਰੋੜ ਰੁਪਏ ਅਤੇ ਮੈਸੂਰ ਤੋਂ 60 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਕੁਲ ਰਕਮ 15 ਕਰੋੜ ਰੁਪਏ ਦੇ ਲਗਭਗ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਬਰਾਮਦ ਕੀਤੇ ਗਏ ਗਹਿਣਿਆਂ ਦੀ ਕੀਮਤ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਜਦਕਿ ਕੁੱਝ ਕਥਿਤ ਬੇਨਾਮ ਸੰਪਤੀ ਨਾਲ ਸਬੰਧਤ ਦਸਤਾਵੇਜ਼ਾਂ ਦਾ ਵਿਸ਼ਲੇਸ਼ਣ ਵੀ ਕੀਤਾ ਜਾ ਰਿਹਾ ਹੈ। (ਏਜੰਸੀ)