ਜੀਐਸਟੀ ਕੌਂਸਲ ਦਾ ਸੁਪਰਡੈਂਟ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ
ਜੀਐਸਟੀ ਨੂੰ ਲਾਗੂ ਹੋਇਆਂ ਅਜੇ ਮਸਾਂ ਇਕ ਮਹੀਨਾ ਹੋਇਆ ਹੈ ਕਿ ਸੀਬੀਆਈ ਨੇ ਜੀਐਸਟੀ ਕੌਂਸਲ ਦੇ ਸੁਪਰਡੈਂਟ ਮਨੀਸ਼ ਮਲਹੋਤਰਾ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ..
ਨਵੀਂ ਦਿੱਲੀ, 3 ਅਗੱਸਤ: ਜੀਐਸਟੀ ਨੂੰ ਲਾਗੂ ਹੋਇਆਂ ਅਜੇ ਮਸਾਂ ਇਕ ਮਹੀਨਾ ਹੋਇਆ ਹੈ ਕਿ ਸੀਬੀਆਈ ਨੇ ਜੀਐਸਟੀ ਕੌਂਸਲ ਦੇ ਸੁਪਰਡੈਂਟ ਮਨੀਸ਼ ਮਲਹੋਤਰਾ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਸੀਬੀਆਈ ਨੇ ਮਲਹੋਤਰਾ ਦੇ ਨਾਲ ਉਸ ਦੇ ਕਥਿਤ ਏਜੰਟ ਮਾਨਸ ਪਾਤਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਕੇਂਦਰੀ ਐਕਸਾਈਜ਼ ਮਹਿਕਮੇ ਵਿਚ ਰਹਿ ਚੁੱਕੇ ਮਲਹੋਤਰਾ 'ਤੇ ਦੋਸ਼ ਹੈ ਕਿ ਉਹ ਰਿਸ਼ਵਤ ਲੈਣ ਦੇ ਬਦਲੇ ਨਿਜੀ ਪਾਰਟੀਆਂ ਵਿਰੁਧ ਕਾਰਵਾਈ ਨਾ ਕਰਨ ਲਈ ਭ੍ਰਿਸ਼ਟਾਚਾਰ ਦੀਆਂ ਸਰਗਰਮੀਆਂ ਵਿਚ ਸ਼ਾਮਲ ਸੀ। ਸੀਬੀਆਈ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਮਾਨਸ ਪਾਤਰਾ, ਮਨੀਸ਼ ਮਲਹੋਤਰਾ ਦਾ ਨੁਮਾਇੰਦਾ ਬਣ ਕੇ ਨਿਜੀ ਪਾਰਟੀਆਂ ਨਾਲ ਸੰਪਰਕ ਕਰਦਾ ਸੀ ਅਤੇ ਹਫ਼ਤੇ ਜਾਂ ਮਹੀਨੇ ਦੇ ਆਧਾਰ 'ਤੇ ਰਿਸ਼ਵਤ ਲੈਂਦਾ ਸੀ। ਜਾਂਚ ਏਜੰਸੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਪਾਤਰਾ ਰਿਸ਼ਵਤ ਦੇ ਪੈਸੇ ਨੂੰ ਅਪਣੇ ਖ਼ਾਤੇ ਵਿਚ ਜਮ੍ਹਾਂ ਕਰਵਾਉਂਦਾ ਸੀ ਅਤੇ ਬਾਅਦ ਇਸ ਪੈਸੇ ਨੂੰ ਮਲਹੋਤਰਾ ਦੀ ਪਤਨੀ ਸ਼ੋਭਨਾ ਦੇ ਐਚਡੀਐਫ਼ਸੀ ਬੈਂਕ ਖ਼ਾਤੇ ਅਤੇ ਉਸ ਦੀ ਧੀ ਆਯੂਸ਼ੀ ਦੇ ਆਈਸੀਆਈਸੀ ਬੈਂਕ ਖ਼ਾਤੇ ਵਿਚ ਟਰਾਂਸਫ਼ਰ ਕਰਵਾ ਦਿੰਦਾ ਸੀ। ਸੀਬੀਆਈ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਾਤਰਾ ਪਿਛਲੇ ਕੁੱਝ ਦਿਨਾਂ ਤੋਂ ਇਕੱਠੀ ਕੀਤੀ ਗਈ ਰਿਸ਼ਵਤ ਨੂੰ ਮਲਹੋਤਰਾ ਦੀ ਰਿਹਾਇਸ਼ 'ਤੇ ਦੇਣ ਜਾ ਰਿਹਾ ਹੈ। ਇਸ ਤੋਂ ਬਾਅਦ ਸੀਬੀਆਈ ਨੇ ਮਲਹੋਤਰਾ ਦੀ ਰਿਹਾਇਸ਼ ਦੀ ਤਲਾਸ਼ੀ ਲਈ ਅਤੇ ਮਲਹੋਤਰਾ ਤੇ ਪਾਤਰਾ ਨੂੰ ਰਿਸ਼ਵਤ ਦੇ ਪੈਸੇ ਅਤੇ ਕੁੱਝ ਦਸਤਾਵੇਜ਼ਾਂ ਨਾਲ ਗ੍ਰਿਫ਼ਤਾਰ ਕਰ ਲਿਆ। (ਪੀ.ਟੀ.ਆਈ.)