14 ਸਾਲ ਦੀ ਲੜਕੀ ਦੇ ਢਿੱਡ 'ਚੋਂ 2.5 ਕਿਲੋ ਕੱਢੇ ਵਾਲ, 8 ਸਾਲ ਦੀ ਉਮਰ ਤੋਂ ਖਾ ਰਹੀ ਸੀ ਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੜਕੀ 8 ਸਾਲ ਤੋਂ ਟ੍ਰਾਈਕੋਵਿਜ਼ਰ ਨਾਂ ਦੀ ਬੀਮਾਰੀ ਤੋਂ ਸੀ ਪੀੜਤ

photo

 

ਬਿਜਨੌਰ: ਬਿਜਨੌਰ 'ਚ 14 ਸਾਲਾ ਨਾਬਾਲਗ ਦੇ ਪੇਟ 'ਚੋਂ 2.5 ਕਿਲੋ ਵਾਲ ਨਿਕਲੇ ਹਨ। ਡਾਕਟਰਾਂ ਨੇ ਅਪਰੇਸ਼ਨ ਕਰਕੇ ਨਾਬਾਲਗ ਦੇ ਪੇਟ ਤੋਂ ਵਾਲਾਂ ਦਾ ਇੱਕ ਗੁੱਛਾ ਕੱਢਿਆ ਹੈ। ਆਪ੍ਰੇਸ਼ਨ ਤੋਂ ਬਾਅਦ ਵੀ ਬੱਚੀ ਹਸਪਤਾਲ 'ਚ ਦਾਖਲ ਹੈ। ਉਸ ਨੂੰ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ 8 ਸਾਲ ਤੋਂ ਟ੍ਰਾਈਕੋਵਿਜ਼ਰ ਨਾਂ ਦੀ ਬੀਮਾਰੀ ਤੋਂ ਪੀੜਤ ਸੀ। ਇਸੇ ਲਈ ਉਹ ਵਾਲਾਂ ਨੂੰ ਖਾਂਦੀ ਸੀ। ਘਰ ਵਿੱਚ ਕਿਸੇ ਨੂੰ ਇਸ ਬਾਰੇ ਪਤਾ ਨਹੀਂ ਸੀ।
ਬੱਚੇ ਦਾ ਵਿਕਾਸ ਨਾ ਹੋਣ ਕਾਰਨ ਅਤੇ ਹਮੇਸ਼ਾ ਪੇਟ ਦਰਦ ਤੋਂ ਪ੍ਰੇਸ਼ਾਨ ਰਹਿਣ ਕਾਰਨ ਜਦੋਂ ਬੱਚੇ ਦਾ ਐਕਸਰੇ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਉਸ ਦੇ ਪੇਟ ਵਿੱਚ ਵਾਲਾਂ ਦਾ ਗੁੱਛਾ ਹੈ। ਜਿਸ ਤੋਂ ਬਾਅਦ ਉਸ ਦਾ ਆਪਰੇਸ਼ਨ ਕੀਤਾ ਗਿਆ। ਬੱਚੀ ਦੀ ਹਾਲਤ ਹੁਣ ਠੀਕ ਹੈ।

ਇਸ ਦੇ ਨਾਲ ਹੀ ਆਪ੍ਰੇਸ਼ਨ ਤੋਂ ਬਾਅਦ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਦੀ ਬੀਮਾਰੀ ਸਹੀ ਸਮੇਂ 'ਤੇ ਸਾਹਮਣੇ ਆਈ ਹੈ। ਜੇਕਰ ਥੋੜ੍ਹੀ ਦੇਰ ਹੁੰਦੀ ਤਾਂ ਸਮੱਸਿਆ ਹੋਰ ਵਧ ਜਾਂਦੀ। ਬੱਚੀ ਦਾ ਅਪਰੇਸ਼ਨ ਵੀਰਵਾਰ ਨੂੰ ਕੀਤਾ ਗਿਆ ਹੈ। ਬੱਚੀ ਦੇ ਅਪਰੇਸ਼ਨ 'ਤੇ ਕਰੀਬ 50 ਹਜ਼ਾਰ ਰੁਪਏ ਖਰਚ ਆਏ ਹਨ।

ਲੜਕੀ ਬਿਜਨੌਰ ਸ਼ਹਿਰ ਦੀ ਸਬਜ਼ੀ ਮੰਡੀ ਦੀ ਰਹਿਣ ਵਾਲੀ ਹੈ। ਉਹ 7ਵੀਂ ਜਮਾਤ ਦੀ ਵਿਦਿਆਰਥਣ ਹੈ। ਬੱਚੀ ਕਰੀਬ 8 ਸਾਲ ਦੀ ਉਮਰ ਤੋਂ ਵਾਲ ਖਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਵਾਲਿਆਂ ਤੋਂ ਲੁਕ-ਛਿਪ ਕੇ ਵਾਲ ਖਾਦੀ ਸੀ। ਵਾਲ ਖਾਣ ਕਾਰਨ ਬੱਚੀ ਦਾ ਪੇਟ ਵਧ ਰਿਹਾ ਸੀ। ਇਸ ਦੇ ਨਾਲ ਹੀ ਉਸ ਦਾ ਸਰੀਰ ਬਿਲਕੁਲ ਵੀ ਵਿਕਸਿਤ ਨਹੀਂ ਹੋ ਰਿਹਾ ਸੀ। ਬੱਚੀ ਕੁਝ ਵੀ ਖਾਣ ਤੋਂ ਬਾਅਦ ਉਲਟੀਆਂ ਕਰਦੀ ਸੀ। ਇਸ ਦੇ ਨਾਲ ਹੀ ਉਸ ਦੇ ਪੇਟ 'ਚ ਹਮੇਸ਼ਾ ਦਰਦ ਰਹਿੰਦਾ ਸੀ।