ਕੇਰਲ : ਮਦਰੱਸਾ ਅਧਿਆਪਕ ਦੇ ਕਤਲ ਮਾਮਲੇ ’ਚ ਆਰ.ਐੱਸ.ਐੱਸ. ਦੇ ਤਿੰਨ ਵਰਕਰ ਬਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮ੍ਰਿਤਕ ਦੇ ਰਿਸ਼ਤੇਦਾਰ ਅਤੇ ਸਰਕਾਰੀ ਵਕੀਲ ਨਿਰਾਸ਼, ਕਿਹਾ ‘ਵੱਡੀ ਅਦਾਲਤ ’ਚ ਅਪੀਲ ਕਰਾਂਗੇ’

court

ਕਾਸਰਗੋਡ: ਕੇਰਲ ਦੇ ਕਾਸਰਗੋਡ ਦੀ ਇਕ ਅਦਾਲਤ ਨੇ 2017 ’ਚ ਇਕ ਮਸਜਿਦ ਅੰਦਰ ਇਕ ਮਦਰੱਸੇ ਦੇ ਅਧਿਆਪਕ ਨੂੰ ਕਤਲ ਕਰਨ ਨਾਲ ਜੁੜੇ ਇਕ ਮਾਮਲੇ ’ਚ ਰਾਸ਼ਟਰੀ ਸਵੈਸੇਵਕ ਸੰਘ (ਆਰ.ਐੱਸ.ਐੱਸ.) ਦੇ ਤਿੰਨ ਕਾਰਕੁੰਨਾਂ ਨੂੰ ਬਰੀ ਕਰ ਦਿਤਾ ਹੈ। 

ਕਾਸਰਗੋਡ ਦੇ ਪ੍ਰਧਾਨ ਸੈਸ਼ਨ ਜੱਜ ਕੇ.ਕੇ. ਬਾਲਾਕ੍ਰਿਸ਼ਨਨ ਨੇ ਇਸ ਮਾਮਲੇ ਵਿਚ ਤਿੰਨ ਮੁਲਜ਼ਮਾਂ ਅਖਿਲੇਸ਼, ਜਿਤਿਨ ਅਤੇ ਅਜੇਸ਼ ਨੂੰ ਬਰੀ ਕਰ ਦਿਤਾ। ਇਹ ਤਿੰਨੋਂ ਕੇਲੂਗੁਡੇ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਨੇ ਬਿਨਾਂ ਜ਼ਮਾਨਤ ਦੇ ਸੱਤ ਸਾਲ ਜੇਲ੍ਹ ’ਚ ਬਿਤਾਏ। ਮੁਹੰਮਦ ਰਿਆਸ ਮੌਲਵੀ (34) ਨੇੜੇ ਚੁਰੀ ਸਥਿਤ ਇਕ ਮਦਰੱਸੇ ਵਿਚ ਪੜ੍ਹਾਉਂਦਾ ਸੀ। ਮੌਲਵੀ ਦਾ 20 ਮਾਰਚ 2017 ਨੂੰ ਮਸਜਿਦ ’ਚ ਉਸ ਦੇ ਕਮਰੇ ’ਚ ਕਤਲ ਕਰ ਦਿਤਾ ਗਿਆ ਸੀ। ਉਸ ਦਾ ਚੁਰੀ ’ਚ ਮੁਹੀਉਦੀਨ ਜੁਮਾ ਮਸਜਿਦ ਦੇ ਅਹਾਤੇ ’ਚ ਦਾਖਲ ਹੋ ਕੇ ਕਥਿਤ ਤੌਰ ’ਤੇ ਇਕ ਗਰੁੱਪ ਨੇ ਉਸ ਦਾ ਸਿਰ ਕੱਟ ਦਿਤਾ ਸੀ। ਇਸ ਦੌਰਾਨ ਸਰਕਾਰੀ ਵਕੀਲ ਨੇ ਫੈਸਲੇ ’ਤੇ ਨਿਰਾਸ਼ਾ ਜ਼ਾਹਰ ਕੀਤੀ ਅਤੇ ਕਿਹਾ ਕਿ ਉਹ ਇਸ ਹੁਕਮ ਵਿਰੁਧ ਅਪੀਲ ਕਰਨਗੇ। 

ਵਿਸ਼ੇਸ਼ ਸਰਕਾਰੀ ਵਕੀਲ ਸੀ. ਸ਼ੁਕੁਰ ਨੇ ਕਿਹਾ ਕਿ ਇਸ ਮਾਮਲੇ ’ਚ ਮਜ਼ਬੂਤ ਸਬੂਤ ਹਨ। ਉਨ੍ਹਾਂ ਕਿਹਾ, ‘‘ਇਕ ਮੁਲਜ਼ਮ ਦੇ ਕੱਪੜਿਆਂ ’ਤੇ ਮੌਲਵੀ ਦੇ ਖੂਨ ਦੇ ਛਿੱਟੇ ਮਿਲੇ ਸਨ। ਮੁਲਜ਼ਮ ਵਲੋਂ  ਵਰਤੇ ਗਏ ਚਾਕੂ ’ਤੇ ਮੌਲਵੀ ਦੇ ਕਪੜੇ  ਦਾ ਇਕ ਟੁਕੜਾ ਮਿਲਿਆ। ਅਸੀਂ ਇਹ ਸਾਰੇ ਸਬੂਤ ਪੇਸ਼ ਕਰ ਦਿਤੇ ਸਨ। ਅਸੀਂ ਅਪੀਲ ਦਾਇਰ ਕਰਨ ਲਈ ਵਿਸਥਾਰਤ ਫੈਸਲੇ ਦੀ ਉਡੀਕ ਕਰ ਰਹੇ ਹਾਂ।’’

ਅਦਾਲਤ ਨੇ ਇਸ ਮਾਮਲੇ ’ਚ 97 ਗਵਾਹਾਂ, 215 ਦਸਤਾਵੇਜ਼ਾਂ ਅਤੇ 45 ਭੌਤਿਕ ਸਬੂਤਾਂ ਦੀ ਜਾਂਚ ਕੀਤੀ ਅਤੇ 90 ਦਿਨਾਂ ਦੇ ਅੰਦਰ ਚਾਰਜਸ਼ੀਟ ਦਾਇਰ ਕੀਤੀ। ਅਦਾਲਤ ’ਚ ਮੌਜੂਦ ਮੌਲਵੀ ਦੀ ਪਤਨੀ ਨੇ ਮੀਡੀਆ ਦੇ ਸਾਹਮਣੇ ਰੋਦਿਆਂ ਕਿਹਾ ਕਿ ਇਹ ਹੁਕਮ ਨਿਰਾਸ਼ਾਜਨਕ ਹੈ। ਪੀੜਤ ਦੇ ਪਰਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਇਸ ਮਾਮਲੇ ’ਚ ਅਜਿਹੇ ਫੈਸਲੇ ਦੀ ਉਮੀਦ ਨਹੀਂ ਕੀਤੀ ਸੀ।

ਰਿਸ਼ਤੇਦਾਰਾਂ ਨੇ ਕਿਹਾ, ‘‘ਇਸ ਮਾਮਲੇ ’ਚ ਅਦਾਲਤਾਂ ਨੇ ਪਿਛਲੇ 7 ਸਾਲਾਂ ਤੋਂ ਮੁਲਜ਼ਮਾਂ ਨੂੰ ਜ਼ਮਾਨਤ ਵੀ ਨਹੀਂ ਦਿਤੀ ਹੈ। ਮੁਲਜ਼ਮ ਕਿਸੇ ਵੀ ਤਰ੍ਹਾਂ ਮੌਲਵੀ ਨਾਲ ਜੁੜੇ ਨਹੀਂ ਸਨ। ਇੱਥੋਂ ਤਕ  ਕਿ ਪੁਲਿਸ ਦੀ ਚਾਰਜਸ਼ੀਟ ’ਚ ਵੀ ਸਪੱਸ਼ਟ ਤੌਰ ’ਤੇ  ਜ਼ਿਕਰ ਕੀਤਾ ਗਿਆ ਹੈ ਕਿ ਇਹ ਅਪਰਾਧ ਇਲਾਕੇ ’ਚ ਫਿਰਕੂ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਸੀ।’’ ਚਾਰਜਸ਼ੀਟ ਅਤੇ ਰਿਮਾਂਡ ਰੀਪੋਰਟ  ’ਚ ਕਿਹਾ ਗਿਆ ਹੈ ਕਿ ਮੁਲਜ਼ਮ ਇਲਾਕੇ ’ਚ ਫਿਰਕੂ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।