ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਤਹਿਤ ਦਰਜ ਇਕ ਮਾਮਲੇ ’ਚ ਨਿਊਜ਼ ਪੋਰਟਲ ਨਿਊਜ਼ਕਲਿੱਕ ਵਿਰੁਧ ਸਨਿਚਰਵਾਰ ਨੂੰ 8,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕਰ ਦਿਤੀ ਹੈ। ਪੋਰਟਲ ਅਤੇ ਪੁਰਕਾਯਸਥ ’ਤੇ ਅਪਣੀਆਂ ਖ਼ਬਰਾਂ ਰਾਹੀਂ ਚੀਨ ਪੱਖੀ ਪ੍ਰਚਾਰ ਲਈ ਵੱਡੀ ਰਕਮ ਪ੍ਰਾਪਤ ਕਰਨ ਦਾ ਦੋਸ਼ ਹੈ। ਸੂਤਰਾਂ ਮੁਤਾਬਕ ਚਾਰਜਸ਼ੀਟ ਕਈ ਹਜ਼ਾਰ ਪੰਨਿਆਂ ਦੀ ਹੈ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵਧੀਕ ਸੈਸ਼ਨ ਜੱਜ ਹਰਦੀਪ ਕੌਰ ਦੇ ਸਾਹਮਣੇ ਅੰਤਿਮ ਰੀਪੋਰਟ ਦਾਇਰ ਕੀਤੀ। ਵਿਸ਼ੇਸ਼ ਸਰਕਾਰੀ ਵਕੀਲ ਅਖੰਡ ਪ੍ਰਤਾਪ ਸਿੰਘ ਅਤੇ ਸੂਰਜ ਰਾਠੀ ਅਨੁਸਾਰ ਪੁਰਕਾਯਸਥ ਅਤੇ ਪੀ.ਪੀ.ਕੇ. ਨਿਊਜ਼ਕਲਿੱਕ ਸਟੂਡੀਓ ਪ੍ਰਾਈਵੇਟ ਲਿਮਟਿਡ ਨੂੰ ਚਾਰਜਸ਼ੀਟ ’ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਅਦਾਲਤ ਦੇ ਸੂਤਰਾਂ ਨੇ ਦਸਿਆ ਕਿ ਚਾਰਜਸ਼ੀਟ ’ਚ 8,000 ਤੋਂ ਵੱਧ ਪੰਨੇ ਹਨ। ਮਾਮਲੇ ਦੀ ਅਗਲੀ ਸੁਣਵਾਈ 16 ਅਪ੍ਰੈਲ ਨੂੰ ਹੋਵੇਗੀ। ਪੁਲਿਸ ਨੇ ਪਿਛਲੇ ਸਾਲ ਯੂ.ਏ.ਪੀ.ਏ. ਦੀ ਧਾਰਾ 13, 16, 17, 18 ਅਤੇ 22 ਦੇ ਨਾਲ-ਨਾਲ ਭਾਰਤੀ ਦੰਡਾਵਲੀ ਦੀ ਧਾਰਾ 153ਏ (ਧਰਮ, ਨਸਲ, ਜਨਮ ਸਥਾਨ, ਰਿਹਾਇਸ਼, ਭਾਸ਼ਾ ਆਦਿ ਦੇ ਆਧਾਰ ’ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਉਤਸ਼ਾਹਤ ਕਰਨਾ) ਅਤੇ 120ਬੀ (ਅਪਰਾਧਕ ਸਾਜ਼ਸ਼) ਤਹਿਤ ਮਾਮਲਾ ਦਰਜ ਕੀਤਾ ਸੀ।
ਅਦਾਲਤ ਨੇ ਪਹਿਲਾਂ ਦਿੱਲੀ ਪੁਲਿਸ ਨੂੰ ਪਿਛਲੇ ਸਾਲ ਦਸੰਬਰ ’ਚ ਚਾਰਜਸ਼ੀਟ ਦਾਇਰ ਕਰਨ ਦਾ ਸਮਾਂ ਦਿਤਾ ਸੀ ਅਤੇ ਫਿਰ ਇਸ ਸਾਲ ਫ਼ਰਵਰੀ ਵਿਚ। ਬਾਅਦ ਵਿਚ 20 ਮਾਰਚ ਨੂੰ ਸਰਕਾਰੀ ਵਕੀਲਾਂ ਦੀਆਂ ਦਲੀਲਾਂ ਨੂੰ ਧਿਆਨ ਵਿਚ ਰਖਦੇ ਹੋਏ ਅੰਤਿਮ ਰੀਪੋਰਟ ਦਾਇਰ ਕਰਨ ਲਈ ਲੋੜੀਂਦਾ ਸਮਾਂ ਮੁੜ ਵਧਾ ਕੇ 10 ਦਿਨ ਕਰ ਦਿਤਾ ਗਿਆ। ਪੁਲਿਸ ਨੇ ਨਿਊਜ਼ਕਲਿਕ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਅਤੇ ਐਚ.ਆਰ. ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਨੂੰ ਵੀ 3 ਅਕਤੂਬਰ, 2023 ਨੂੰ ਗ੍ਰਿਫਤਾਰ ਕੀਤਾ ਸੀ। ਇਸ ਸਾਲ ਜਨਵਰੀ ’ਚ ਅਦਾਲਤ ਨੇ ਚੱਕਰਵਰਤੀ ਦੀ ਸਰਕਾਰੀ ਗਵਾਹ ਬਣਨ ਦੀ ਇਜਾਜ਼ਤ ਮੰਗਣ ਵਾਲੀ ਅਰਜ਼ੀ ਮਨਜ਼ੂਰ ਕਰ ਲਈ ਸੀ।