ਜੰਮੂ-ਕਸ਼ਮੀਰ 'ਚ ਹਿਜ਼ਬੁਲ ਦੇ ਦੋ ਅਤਿਵਾਦੀ ਹਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਤਿਵਾਦੀਆਂ ਨੂੰ ਬਚਾਉਣ ਆਏ ਪ੍ਰਦਰਸ਼ਨਕਾਰੀਆਂ 'ਚੋਂ ਇਕ ਦੀ ਮੌਤ

Jammu & Kashmir Terrorist attack

ਸ੍ਰੀਨਗਰ, 30 ਅਪ੍ਰੈਲ: ਦਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਜ ਹੋਏ ਇਕ ਮੁਕਾਬਲੇ 'ਚ ਹਿਜ਼ਬੁਲ ਮੁਜਾਹੀਦੀਨ ਦੇ ਸਮੀਰ ਅਹਿਮਦ ਭੱਟ ਉਰਫ਼ 'ਸਮੀਰ ਟਾਈਗਰ' ਸਮੇਤ ਦੋ ਅਤਿਵਾਦੀ ਮਾਰੇ ਗਏ। ਇਸ ਮੁਕਾਬਲੇ 'ਚ ਇਕ ਆਮ ਨਾਗਰਿਕ ਦੀ ਵੀ ਮੌਤ ਹੋ ਗਈ। ਫ਼ੌਜ ਦੇ ਦੋ ਜਵਾਨ ਵੀ ਜ਼ਖ਼ਮੀ ਹੋ ਗਏ।
ਸੁਰੱਖਿਆ ਬਲਾਂ ਨੂੰ ਪੁਲਵਾਮਾ ਜ਼ਿਲ੍ਹੇ ਦੇ ਦਬਰਗਾਮ 'ਚ ਅਤਿਵਾਦੀਆਂ ਦੇ ਇਕ ਘਰ 'ਚ ਲੁਕੇ ਹੋਣ ਦੀ ਖੁਫ਼ੀਆ ਜਾਣਕਾਰੀ ਮਿਲੀ ਸੀ। ਇਸੇ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਫ਼ੌਜ ਦੇ ਜਵਾਨ ਸੂਬਾ ਪੁਲਿਸ ਦੇ ਵਿਰੋਧ ਕਾਰਜ ਬਲ ਅਤੇ ਸੀ.ਆਰ.ਪੀ.ਐਫ਼. ਨੇ ਪੁਲਵਾਮਾ ਦੇ ਦਾਬਰਗਾਮ ਦੀ ਘੇਰਾਬੰਦੀ ਕੀਤੀ। 
ਅਧਿਕਾਰੀਆਂ ਨੇ ਦਸਿਆ ਕਿ ਜਿਉਂ ਹੀ ਸੁਰੱਖਿਆ ਬਲ ਸਬੰਧਤ ਘਰ ਤਕ ਪੁੱਜੇ ਅਤਿਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਇਸ ਗੋਲੀਬਾਰੀ 'ਚ ਦੋ ਜਵਾਨ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਪੱਥਰਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਸੁਰੱਖਿਆ ਬਲ ਦੀ ਕਾਰਵਾਈ ਦੌਰਾਨ ਇਕ ਨਾਗਰਿਕ ਦੀ ਵੀ ਮੌਤ ਹੋ ਗਈ। ਉਸ ਦੀ ਪਛਾਣ ਸ਼ਾਹਿਦ ਅਹਿਮਦ ਡਾਰ ਵਜੋਂ ਹੋਈ ਹੈ।

ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਦੀ ਮੌਤ ਕਿਨ੍ਹਾਂ ਸਥਿਤੀਆਂ 'ਚ ਹੋਈ। ਪ੍ਰਦਰਸ਼ਨਕਾਰੀ ਮੁਕਾਬਲੇ ਵਾਲੀ ਥਾਂ 'ਤੇ ਜਮ੍ਹਾਂ ਹੋ ਗਏ ਸਨ ਤਾਕਿ ਅਤਿਵਾਦੀ ਉਥੋਂ ਭੱਜ ਸਕਣ। ਪੁਲਿਸ ਨੇ ਦਸਿਆ ਕਿ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ 'ਚ ਕਈ ਹੋਰ ਪ੍ਰਦਰਸ਼ਨਕਾਰੀ ਵੀ ਜ਼ਖ਼ਮੀ ਹੋ ਗਏ। ਸੁਰੱਖਿਆ ਬਲਾਂ ਵਲੋਂ ਕੀਤੀ ਭਾਰੀ ਗੋਲੀਬਾਰੀ ਨਾਲ ਘਰ 'ਚ ਧਮਾਕਾ ਹੋ ਗਿਆ। ਇਸ ਤੋਂ ਇਕ ਘੰਟੇ ਬਾਅਦ ਇਕ ਅਤਿਵਾਦੀ ਮਾਰਿਆ ਗਿਆ, ਜਿਸ ਦੀ ਪਛਾਣ ਆਕੀਬ ਮੁਸ਼ਤਾਕ ਵਜੋਂ ਹੋਈ। ਉਹ ਸਥਾਨਕ ਨਾਗਰਿਕ ਸੀ ਤੇ ਉਸ ਦਾ ਸਬੰਧ ਪੁਲਵਾਮਾ ਦੇ ਰਾਜਪੋਰਾ ਇਲਾਕੇ ਨਾਲ ਸੀ। ਦੁਪਹਿਰ ਸਵਾ ਕੁ ਦੋ ਵਜੇ ਸਮੀਰ ਟਾਈਗਰ ਨਾਂ ਦਾ ਅਤਿਵਾਦੀ ਵੀ ਮਾਰਿਆ ਗਿਆ ਜਿਸ ਨੇ ਪੁਲਵਾਮਾ 'ਚ ਕਈ ਸਿਆਸਤਦਾਨਾਂ ਅਤੇ ਨਾਗਰਿਕਾਂ ਦਾ ਕਤਲ ਕੀਤਾ ਸੀ।ਜ਼ਖ਼ਮੀ ਫ਼ੌਜੀਆਂ 'ਚੋਂ ਇਕ ਮੇਜਰ ਰੈਂਕ ਦਾ ਅਧਿਕਾਰੀ ਹੈ, ਜਿਸ ਦੀ ਬਾਂਹ 'ਚ ਗੋਲੀ ਲੱਗੀ ਹੈ। ਦੋਵੇਂ ਜ਼ਖ਼ਮੀ ਫ਼ੌਜੀਆਂ ਨੂੰ ਫ਼ੈਜ ਦੇ 92ਬੇਸ ਹਸਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।   (ਪੀਟੀਆਈ)