ਝਾਰਖੰਡ 'ਚ ਕੋਰੋਨਾ ਤਬਲੀਗ਼ੀ ਜਮਾਤ ਕਰ ਕੇ ਫੈਲਿਆ : ਸਿਹਤ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਲਈ ਤਬਲੀਗੀ ਜਮਾਤ ਦੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਣ ਨਾਲ ਹੀ ਸੂਬੇ ਦੇ ਸਿਹਤ ਮੰਤਰੀ ਨੇ

File Photo

ਰਾਂਚੀ, 29 ਅਪ੍ਰੈਲ: ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਲਈ ਤਬਲੀਗੀ ਜਮਾਤ ਦੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਣ ਨਾਲ ਹੀ ਸੂਬੇ ਦੇ ਸਿਹਤ ਮੰਤਰੀ ਨੇ ਬੁਧਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਵੀ ਸਵਾਲ ਕੀਤਾ ਕਿ ਕੀ ਉਸ ਦਾ ਗ੍ਰਹਿ ਅਤੇ ਵਿਦੇਸ਼ ਮੰਤਰਾਲਾ ਸੁੱਤਾ ਹੋਇਆ ਸੀ?
ਝਾਰਖੰਡ ਦੇ ਸਿਹਤ ਮੰਤਰੀ ਨੇ ਇਕ ਇੰਟਰਵਿਊ 'ਚ ਕਿਹਾ, ''ਸਾਡੇ ਲਈ ਮਾਂ ਭਾਰਤੀ ਸੱਭ ਤੋਂ ਪਹਿਲਾਂ ਹੈ, ਬਾਅਦ 'ਚ ਬਾਕੀ ਦੁਨੀਆਂ ਹੈ। ਇਸ ਲਈ ਜੋ ਗ਼ਲਤ ਹੈ, ਉਸ ਨੂੰ ਗ਼ਲਤ ਹੀ ਕਹਾਂਗਾ।''

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਨੂੰ ਦਸਣਾ ਹੋਵੇਗਾ ਕਿ ਆਖ਼ਰ ਤਬਲੀਗੀ ਜਮਾਤ ਦੇ ਸੈਂਕੜੇ ਲੋਕ ਦੁਨੀਆਂ ਭਰ ਤੋਂ ਨਵੀਂ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ 'ਚ ਕਿਸ ਤਰ੍ਹਾਂ ਪੁੱਜ ਗਏ? ਉਨ੍ਹਾਂ ਸਵਾਲ ਕੀਤਾ ਕਿ ਕੀ ਵਿਦੇਸ਼ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਇਨ੍ਹਾਂ ਤਬਲੀਗੀ ਲੋਕਾਂ ਦੇ ਦਿੱਲੀ 'ਚ ਇਕੱਠੇ ਹੋਣ ਅਤੇ ਮਰਕਜ਼ ਦੀ ਬੈਠਕ 'ਚ ਸ਼ਾਮਲ ਹੋਣ ਬਾਰੇ ਸੁੱਤਾ ਪਿਆ ਸੀ?

ਸਿਹਤ ਮੰਤਰੀ ਨੇ ਕਿਹਾ ਕਿ ਝਾਰਖੰਡ 'ਚ ਹੁਣ ਤਕ 105 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ ਅਤੇ ਇਨ੍ਹਾਂ ਲੋਕਾਂ 'ਚੋਂ ਲਗਭਗ 90 ਫ਼ੀ ਸਦੀ ਲੋਕ ਜਾਂ ਤਾਂ ਖ਼ੁਤ ਤਬਲੀਗੀ ਜਮਾਤ ਦੇ ਮਰਕਜ਼ 'ਚ ਸ਼ਾਮਲ ਹੋ ਕੇ ਝਾਰਖੰਡ ਪੁੱਜੇ ਜਾਂ ਉਨ੍ਹਾਂ ਦੇ ਇੱਥੇ ਆਉਣ ਨਾਲ ਪੀੜਤ ਹੋਏ। ਹਾਲਾਂਕਿ ਇਨ੍ਹਾਂ 'ਚੋਂ ਹੁਣ 19 ਸਿਹਤਮੰਦ ਵੀ ਹੋ ਗਏ ਹਨ ਪਰ ਤਿੰਨ ਜਣਿਆਂ ਦੀ ਦੁਖਦਾਈ ਮੌਤ ਵੀ ਹੋ ਚੁਕੀ ਹੈ। ਮੰਤਰੀ ਨੇ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਵੀਡੀਉ ਕਾਨਫ਼ਰੰਸ 'ਚ ਤਬਲੀਗੀ ਜਮਾਤ ਦੇ ਲੋਕਾਂ ਦੇ ਭਾਰਤ 'ਚ ਇਕੱਠੇ ਹੋਣ ਅਤੇ ਸੂਬੇ ਨੂੰ ਕੋਰੋਨਾ ਦੀ ਲਾਗ ਵਿਰੁਧ ਲੜਾਈ 'ਚ ਉਪਕਰਨਾਂ ਦੀ ਢੁਕਵੀਂ ਸਪਲਾਈ ਨਾ ਹੋ ਸਕਣ ਬਾਬਤ ਉਨ੍ਹਾਂ ਦੇ ਸਵਾਲਾਂ 'ਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਕੋਈ ਜਵਾਬ ਨਾ ਦੇ ਸਕੇ।  (ਪੀਟੀਆਈ)