ਆਨਲਾਈਨ ਕਲਾਸਾਂ 'ਚ ਫੀਸ ਦਾ ਝਾਂਸਾ ਦੇ ਕੇ, ਸਾਈਬਰ ਠੱਗਾਂ ਨੇ ਖਾਤੇ 'ਚੋ ਉਡਾਏ 1 ਲੱਖ 88 ਹਜ਼ਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਨੇ ਲੌਕਡਾਊਨ ਲਾਗਾਇਆ ਹੋਇਆ ਹੈ

Photo

ਗਾਜੀਆਬਾਦ : ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਨੇ ਲੌਕਡਾਊਨ ਲਾਗਾਇਆ ਹੋਇਆ ਹੈ ਜਿਸ ਤੋਂ ਬਾਅਦ ਸਾਰੇ ਕਿਤੇ ਆਵਾਜਾਈ ਅਤੇ ਕੰਮਕਾਰ ਬੰਦ ਹਨ । ਅਜਿਹੀ ਸਥਿਤੀ ਵਿਚ ਸਾਰੇ ਵਿਦਿਆ ਅਦਾਰਿਆਂ ਨੂੰ ਵੀ ਬੰਦ ਕੀਤਾ ਗਿਆ ਹੈ ਪਰ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਇਸ ਲਈ ਆਨਲਾਈਨ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਆਨਲਾਈਨ ਕਲਾਸਾਂ ਵਿਚ ਇਕ ਵੱਡੀ ਹੇਰ-ਫੇਰ ਦੇਖਣ ਨੂੰ ਮਿਲੀ ਹੈ। ਦਰਅਸਲ ਕੁਝ ਸਾਈਬਰ ਅਪਰਾਧੀਆਂ ਦੇ ਵੱਲੋਂ ਇਨ੍ਹਾਂ ਆਨਲਾਈਨ ਕਲਾਸਾਂ ਦੇ ਨਾਮ ਤੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਇਆ ਜਾ ਰਿਹਾ ਹੈ।

ਅਜਿਹਾ ਹੀ ਇਕ ਤਾਜਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਕਪਿਲ ਕੁਮਾਰ ਨਾਮ ਦਾ ਇਕ ਵਿਅਕਤੀ ਨੋਕਰੀ ਕਰਨ ਦੇ ਨਾਲ-ਨਾਲ ਇਕ ਟੈਸਟ ਦੀ ਤਿਆਰੀ ਕਰ ਰਿਹਾ ਹੈ। ਜਿਸ ਲਈ ਉਹ ਆਨਲਾਈਨ ਕਲਾਸਾਂ ਦੀ ਸੁਵੀਧਾ ਵੀ ਲੈ ਰਿਹਾ ਸੀ। ਉਸ ਨੇ ਦੱਸਿਆ ਕਿ ਹਾਲ ਹੀ ਵਿਚ ਉਸ ਨੂੰ ਆਨਲਾਈਨ ਪੇਮੈਂਟ ਕਰਨ ਲਈ ਇਕ ਲਿੰਕ ਭੇਜਿਆ ਗਿਆ। ਜਿਸ ਤੇ ਕਲਿਕ ਕਰਨ ਤੋਂ ਬਾਅਦ ਵਨ ਟਾਈਮ ਪਾਸਵਰਡ ਮੰਗਿਆ ਗਿਆ। ਕਪਿਲ ਦਾ ਕਹਿਣਾ ਹੈ ਕਿ ਜਿਵੇਂ ਹੀ ਉਸ ਨੇ ਪਾਸਵਰਡ ਐਂਟਰ ਕੀਤਾ। ਉਸ ਤੋਂ ਬਾਅਦ ਉਸ ਦੇ ਅਕਾਉਂਟ ਵਿਚੋਂ ਪੈਸੇ ਕੱਟਣੇ ਸ਼ੁਰੂ ਹੋ ਗਏ।

ਕਪਿਲ ਨੇ ਦੱਸਿਆ ਕਿ ਉਸ ਦੇ ਦੋ ਬੈਂਕ ਆਕਉਂਟਾਂ ਵਿਚੋਂ ਠੱਗਾ ਨੇ 1 ਲੱਖ 88 ਹਜ਼ਾਰ ਰੁਪਏ ਕਢਵਾ ਲਏ ਅਤੇ ਨਾਲ ਹੀ ਠੱਗਾਂ ਨੇ ਉਸ ਦਾ ਯੂਪੀਆਈ ਕੋਡ ਵੀ ਬਣਾ ਲਿਆ। ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਰਾਹਤ ਫੰਡ ਦੀ ਯੂਪੀਆਈ ਆਈਡੀ ਦੇ ਨਾਲ ਮਿਲਦੀ ਜੁਲਦੀ ਆਈਡੀ ਬਣਾ ਕੇ ਠੱਗੀ ਦੇ ਯਤਨ ਕੀਤੇ ਜਾ ਰਹੇ ਹਨ। ਕੁਝ ਅਜਿਹੀਆਂ ਸ਼ਿਕਾਇਤਾਂ ਤੋਂ ਬਾਅਦ ਸਾਈਬਰ ਕ੍ਰਾਈਮ ਸੈੱਲ ਹੁਣ ਪ੍ਰਧਾਨ ਮੰਤਰੀ ਰਾਹਤ ਫੰਡ ਨਾਲ ਸਬੰਧਤ ਆਈ ਡੀ ਨੂੰ ਬੰਦ ਕਰਨ ਦੀ ਕਾਰਵਾਈ ਕਰ ਰਿਹਾ ਹੈ।

ਧੋਖਾਧੜੀ ਵਾਲੇ ਇਨ੍ਹਾਂ ਠੱਗਾਂ ਵੱਲੋਂ ਕੁਝ ਲੋਕਾਂ ਨੂੰ ਫੋਨ ਕਰਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਸਰਕਾਰ ਦੇ ਵੱਲੋਂ ਕਰੋਨਾ ਵਾਇਰਸ ਦੇ ਬਚਾਅ ਲਈ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ। ਜਿਸ ਤੋਂ ਬਾਅਦ ਲੋਕਾਂ ਤੋਂ ਬੈਂਕ ਅਤੇ ਪ੍ਰਸਨਲ ਡਿਟੇਲ ਮੰਗ ਕੇ ਉਨ੍ਹਾਂ ਨਾਲ ਠੱਗੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਈਬਰ ਅਪਰਾਧੀ ਆਰਬੀਆਈ ਦੇ ਨਿਰਦੇਸ਼ਾਂ ਨੂੰ ਦੱਸ ਕੇ ਬੈਂਕ ਕਿਸ਼ਤਾਂ ਨੂੰ ਵਧਾਉਂਣ ਦੇ ਨਾਮ ਤੇ OTP ਦੀ ਮੰਗ ਕਰ ਰਹੇ ਹਨ ਅਤੇ ਜਿਸ ਤੋਂ ਬਾਅਦ ਲੋਕਾਂ ਨਾਲ ਠੱਗੀ ਮਾਰ ਕੇ ਉਨ੍ਹਾਂ ਦੇ ਖਾਤੇ ਵਿਚੋਂ ਪੈਸੇ ਕਡਵਾਏ ਜਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।