ਕੋਰੋਨਾ ਮਰੀਜ਼ ਨੇ ਪੀ.ਜੀ.ਆਈ. ਦੀ ਛੇਵੀਂ ਮੰਜ਼ਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੈਕਟਰ-45 ’ਚ 20 ਸਾਲਾ ਨੌਜਵਾਨ ਨੇ ਵੀ ਲਿਆ ਫਾਹਾ

PGI

ਚੰਡੀਗੜ੍ਹ (ਤਰੁਣ ਭਜਨੀ): ਪੀ.ਜੀ.ਆਈ. ਵਿਚ ਦਾਖ਼ਲ ਇਕ ਮਰੀਜ਼ ਨੇ ਆਤਮ ਹਤਿਆ ਕਰ ਲਈ। ਮਰੀਜ਼ ਕੋਰੋਨਾ ਪੀੜਤ ਸੀ, ਜਿਸ ਨੇ ਪੀ.ਜੀ.ਆਈ. ਦੀ ਛੇਵੀਂ ਮੰਜ਼ਲ ਤੋਂ ਛਾਲ ਮਾਰ ਕੇ ਮੌਤ ਨੂੰ ਗਲੇ ਲਗਾ ਲਿਆ। ਮ੍ਰਿਤਕ ਪੰਚਕੂਲਾ ਦੇ ਸੈਕਟਰ-17 ਦਾ ਰਹਿਣ ਵਾਲਾ 42 ਸਾਲ ਦਾ ਵਿਨੋਦ ਰੋਹਿਲਾ ਸੀ, ਜੋ ਕੋਰੋਨਾ ਸੰਕਰਮਿਤ ਹੋਣ ਦੇ ਬਾਅਦ ਪੀਜੀਆਈ ਵਿਚ ਅਪਣਾ ਇਲਾਜ ਕਰਵਾ ਰਿਹਾ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਕੋਰੋਨਾ ਪਾਜ਼ੇਟਿਵ ਹੋਣ ਦੀ ਵਜ੍ਹਾ ਨਾਲ ਵਿਨੋਦ ਮਾਨਸਕ ਰੂਪ ਤੋਂ ਪ੍ਰੇਸ਼ਾਨ ਚਲ ਰਿਹਾ ਸੀ। 

ਘਟਨਾ ਵੀਰਵਾਰ ਦੁਪਹਿਰ ਕਰੀਬ 12.15 ਦੀ ਹੈ। ਪੀ.ਜੀ.ਆਈ. ਚੌਕੀ ਪੁਲਿਸ ਨੂੰ ਸੂਚਨਾ ਮਿਲੀ ਕਿ ਪੀਜੀਆਈ ਦੇ ਐਮਐਸ ਦਫ਼ਤਰ ਦੇ ਕੋਲ ਤੋਂ ਇਕ ਵਿਅਕਤੀ ਨੇ ਛੇਵੀਂ ਮੰਜ਼ਲ ਤੋਂ ਛਾਲ ਮਾਰ ਦਿਤੀ ਹੈ। ਪੀਜੀਆਈ ਦੇ ਕਰਮਚਾਰੀਆਂ ਨੇ ਉਸ ਨੂੰ ਤੁਰਤ ਐਮਰਜੈਂਸੀ ਵਿਚ ਭਰਤੀ ਕਰਵਾਇਆ। ਇਲਾਜ ਦੌਰਾਨ ਵਿਨੋਦ ਰੋਹਿਲਾ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਵਾ ਦਿਤਾ ਹੈ। ਉਥੇ ਹੀ ਪੁਲਿਸ ਹੁਣ ਮ੍ਰਿਤਕ ਵਿਨੋਦ ਦੇ ਪਰਵਾਰ ਵਾਲਿਆਂ ਦੇ ਬਿਆਨ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। 

20 ਸਾਲਾ ਨੌਜਵਾਨ ਨੇ ਲਿਆ ਫਾਹਾ : ਇਸੇ ਤਰ੍ਹਾਂ ਆਤਮ ਹਤਿਆ ਕਰਨ ਦੀ ਦੂਜੀ ਘਟਨਾ ਬੁਧਵਾਰ ਦੇਰ ਰਾਤ ਦੀ ਹੈ। ਸੈਕਟਰ-45 ਵਿਚ ਇਕ ਨੌਜਵਾਨ ਨੇ ਘਰ ਵਿਚ ਫਾਹਾ ਲੈ ਕੇ ਅਪਣੀ ਜਾਨ ਦੇ ਦਿਤੀ। ਵੀਰਵਾਰ ਸਵੇਰੇ ਸੂਚਨਾ ਮਿਲਣ ’ਤੇ ਪਹੁੰਚੀ ਪੁਲਿਸ ਨੇ ਟੀਮ ਨੇ ਲਾਸ਼ ਨੂੰ ਫਾਹੇ ਤੋਂ ਲਾਹ ਕੇ ਲਾਸ਼ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿਤਾ ਹੈ। ਪੁਲਿਸ ਨੂੰ ਮੌਕੇ ਤੋਂ ਕੋਈ ਖ਼ੁਦਕੁਸ਼ੀ ਨਹੀਂ ਮਿਲਿਆ ਹੈ। ਉਥੇ ਹੀ, ਸੈਕਟਰ-34 ਥਾਣਾ ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗੀ ਹੈ। ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ 20 ਸਾਲਾ ਹਰਨੂਨ ਦੇ ਤੌਰ ’ਤੇ ਹੋਈ ਹੈ। ਉਹ ਘਰ ਵਿਚ ਇਕੱਲਾ ਰਹਿੰਦਾ ਸੀ।  

ਪਿਛਲੇ ਦੋ ਦਿਨ ਤੋਂ ਬਾਹਰ ਨਾ ਨਿਕਲਣ ਦੀ ਵਜ੍ਹਾ ਗੁਆਂਢੀ ਨੇ ਦਰਵਾਜ਼ਾ ਖੜਕਾਇਆ। ਬਾਹਰ ਤੋਂ ਵਾਰ-ਵਾਰ ਆਵਾਜ਼ ਲਗਾਉਣ ਦੇ ਬਾਵਜੂਦ ਨੌਜਵਾਨ ਨੇ ਜਵਾਬ ਨਹੀਂ ਦਿਤਾ ਜਿਸ ਤੋਂ ਬਾਅਦ ਉਨ੍ਹਾਂ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਵਿਚ ਦਿਤੀ। ਸੂਚਨਾ ਮਿਲਦੇ ਹੀ ਪਹੁੰਚੀ ਪੁਲਿਸ ਦੀ ਮਦਦ ਨਾਲ ਗੁਆਂਢੀਆਂ ਨੇ ਦਰਵਾਜ਼ਾ ਖੋਲ੍ਹਿਆ। ਅੰਦਰ ਨੌਜਵਾਨ ਹਰਨੂਨ ਫਾਹੇ ਉੱਤੇ ਲਟਕਿਆ ਹੋਇਆ ਸੀ। ਜਾਣਕਾਰੀ ਮੁਤਾਬਕ ਪੁਲਿਸ ਮ੍ਰਿਤਕ ਦੇ ਪਰਵਾਰ ਨਾਲ ਸੰਪਰਕ ਕਰਨ ਵਿਚ ਜੁਟੀ ਹੈ ਅਤੇ ਨੌਜਵਾਨ ਦੇ ਆਤਮ ਹਤਿਆ ਦੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ। 

ਕੋਰੋਨਾ ਕਾਲ ਵਿਚ ਵਧੀ ਖੁਦਕੁਸ਼ੀ ਦੀਆਂ ਘਟਨਾਵਾਂ: ਅੰਕੜਿਆਂ ਅਨੁਸਾਰ ਕੋਰੋਨਾ ਮਹਾਮਾਰੀ ਦੇ ਫੈਲਣ ਦਾ ਡਰ ਲੋਕਾਂ ਨੂੰ ਦਿਮਾਗ਼ੀ ਤੌਰ ’ਤੇ ਕਮਜ਼ੋਰ ਬਣਾ ਰਿਹਾ ਹੈ। ਖ਼ਾਸਕਰ ਮਾਨਸਕ ਰੂਪ ਨਾਲ ਬਿਮਾਰ ਲੋਕਾਂ ਲਈ ਕੋਰੋਨਾ ਦਾ ਡਰ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਿਹਾ ਹੈ। ਜ਼ਿੰਦਗੀ ਵਿਚ ਅਚਾਨਕ ਲੱਗੇ ਬ੍ਰੇਕ ਅਤੇ ਕੋਰੋਨਾ ਦੇ ਡਰ ਨੇ ਲੋਕਾਂ ਦੇ ਮਾਨਸਕ ਸਿਹਤ ਉੱਤੇ ਪ੍ਰਭਾਵ ਪਾਉਣਾ ਸ਼ੁਰੂ ਕਰ ਦਿਤਾ ਹੈ।