ਪਾਣੀ ਦੀ ਦੁਰਵਰਤੋਂ ਸਬੰਧੀ ਮੇਅਰ ਦੀ ਚੰਡੀਗੜ੍ਹ ਵਾਸੀਆਂ ਨੂੰ ਚਿਤਾਵਨੀ, ਮੀਟਰ ਹੋ ਸਕਦਾ ਹੈ ਰੱਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਛਾਪੇਮਾਰੀ ਕਰ ਰਹੀਆਂ ਹਨ ਨਗਰ ਨਿਗਮ ਦੀਆਂ ਟੀਮਾਂ 

Save Water

ਚੰਡੀਗੜ੍ਹ : ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣਾ ਨਗਰ ਨਿਗਮ ਲਈ ਵੱਡੀ ਚੁਣੌਤੀ ਹੈ। ਚੰਡੀਗੜ੍ਹ ਨਗਰ ਨਿਗਮ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਕਮਰ ਕੱਸ ਰਿਹਾ ਹੈ। ਨਿਗਮ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਦੇ ਲਗਾਤਾਰ ਚਲਾਨ ਕੱਟ ਰਿਹਾ ਹੈ। ਇਸ ਦੌਰਾਨ ਮੇਅਰ ਸਰਬਜੀਤ ਕੌਰ ਨੇ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਦੁਰਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਪਾਣੀ ਦੀ ਢੁੱਕਵੀਂ ਵਰਤੋਂ ਨਾ ਕਰਨ ਵਾਲਿਆਂ ਦੇ ਪਾਣੀ ਦੇ ਮੀਟਰ ਨੂੰ ਰੱਦ ਕੀਤਾ ਜਾ ਸਕਦਾ ਹੈ।

ਚੰਡੀਗੜ੍ਹ ਨਗਰ ਨਿਗਮ ਨੇ ਪਿਛਲੇ ਦਿਨਾਂ ਵਿੱਚ ਪਾਣੀ ਦੀ ਦੁਰਵਰਤੋਂ ਕਰਨ ਵਾਲੇ ਕਰੀਬ 800 ਲੋਕਾਂ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ 50 ਤੋਂ ਵੱਧ ਚਲਾਨ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਨਗਰ ਨਿਗਮ ਨੇ 15 ਅਪ੍ਰੈਲ ਤੋਂ ਸ਼ਹਿਰ ਵਿੱਚ ਪਾਣੀ ਦੀ ਦੁਰਵਰਤੋਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਇਹ ਮੁਹਿੰਮ 30 ਜੂਨ ਤੱਕ ਚੱਲੇਗੀ।

ਨਿਗਮ ਵੱਲੋਂ ਇਹ ਮੁਹਿੰਮ ਹਰ ਸਾਲ 15 ਅਪ੍ਰੈਲ ਤੋਂ 30 ਜੂਨ ਤੱਕ ਚਲਾਈ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਦੇ ਚਲਾਨ ਕੱਟੇ ਜਾਂਦੇ ਹਨ ਅਤੇ ਨੋਟਿਸ ਜਾਰੀ ਕੀਤੇ ਜਾਂਦੇ ਹਨ ਜੋ ਆਪਣੇ ਘਰਾਂ ਵਿੱਚ ਬਣੇ ਬਗੀਚੇ ਵਿੱਚ ਪੀਣ ਵਾਲੇ ਪਾਣੀ ਦੀ ਵਰਤੋਂ ਕਰਦੇ ਹਨ ਜਾਂ ਪਾਈਪਾਂ ਆਦਿ ਲਗਾ ਕੇ ਵਾਹਨਾਂ ਦੀ ਸਫਾਈ ਕਰਦੇ ਹਨ।

ਦੱਸ ਦੇਈਏ ਕਿ ਪਾਣੀ ਦੀ ਦੁਰਵਰਤੋਂ ਕਰਨ 'ਤੇ 5 ਹਜ਼ਾਰ ਰੁਪਏ ਤੱਕ ਦਾ ਚਲਾਨ ਹੋ ਸਕਦਾ ਹੈ ਅਤੇ ਵਾਰ-ਵਾਰ ਅਜਿਹਾ ਕਰਨ ਨਾਲ ਮੀਟਰ ਕੈਂਸਲ ਹੋ ਸਕਦਾ ਹੈ। ਜੇਕਰ ਪਾਣੀ ਦੀ ਟੈਂਕੀ ਵਿੱਚ ਕੋਈ ਲੀਕੇਜ ਹੈ ਜਾਂ ਓਵਰਫਲੋਅ ਹੋ ਕੇ ਪਾਣੀ ਨਿਕਲ ਰਿਹਾ ਹੈ ਤਾਂ ਉਸ ਨੂੰ ਠੀਕ ਕਰਨ ਲਈ 2 ਦਿਨਾਂ ਦਾ ਨੋਟਿਸ ਦਿੱਤਾ ਗਿਆ ਹੈ। ਇਸ ਤੋਂ ਬਾਅਦ ਜੁਰਮਾਨਾ ਲਗਾਇਆ ਜਾਂਦਾ ਹੈ।

ਅਜਿਹਾ ਕਰਨ ਨਾਲ ਤੁਸੀਂ ਚਲਾਨ ਤੋਂ ਬਚ ਸਕਦੇ ਹੋ
-ਕਾਰ ਨੂੰ ਧੋਣ ਲਈ ਪਾਈਪ ਵਾਲੇ ਪਾਣੀ ਦੀ ਬਜਾਏ ਬਾਲਟੀ ਦੀ ਵਰਤੋਂ ਕਰੋ।
-ਘਰਾਂ ਦੇ ਬਾਹਰਲੇ ਵਿਹੜਿਆਂ ਨੂੰ ਪੀਣ ਵਾਲੇ ਪਾਣੀ ਨਾਲ ਨਾ ਧੋਵੋ। ਬਾਗ ਵਿੱਚ ਤੀਜੇ ਦਰਜੇ ਦੇ ਪਾਣੀ ਦੀ ਵਰਤੋਂ ਕਰੋ।
-ਧਿਆਨ ਰੱਖੋ ਕਿ ਪਾਣੀ ਦੀ ਟੈਂਕੀ ਓਵਰਫਲੋ ਨਾ ਹੋਵੇ ਅਤੇ ਲੀਕੇਜ ਦੀ ਜਾਂਚ ਅਤੇ ਮੁਰੰਮਤ ਕਰਵਾਓ।
-- ਬੂਸਟਰ ਪੰਪ ਨੂੰ ਪਾਣੀ ਦੀ ਮੁੱਖ ਸਪਲਾਈ ਨਾਲ ਨਾ ਜੋੜੋ।