ਟਰੱਕ 'ਚ ਲੱਦੇ ਐਲ.ਪੀ.ਜੀ ਸਿਲੰਡਰ ਵਿਚ ਧਮਾਕਾ, ਡਰਾਈਵਰ ਸਮੇਤ 4 ਲੋਕ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਧਮਪੁਰ ਜ਼ਿਲ੍ਹੇ ਦੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇਕ ਟਰੱਕ ਨੂੰ ਅੱਗ ਲੱਗਣ ਕਾਰਨ ਉਸ ਵਿਚ ਲੱਦੇ ਐਲ.ਪੀ.ਜੀ

File Photo

ਜੰਮੂ, 29 ਮਈ (ਸਰਬਜੀਤ ਸਿੰਘ): ਉਧਮਪੁਰ ਜ਼ਿਲ੍ਹੇ ਦੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇਕ ਟਰੱਕ ਨੂੰ ਅੱਗ ਲੱਗਣ ਕਾਰਨ ਉਸ ਵਿਚ ਲੱਦੇ ਐਲ.ਪੀ.ਜੀ ਸਿਲੰਡਰ ਫਟ ਗਏ। ਜਿਸਦੇ ਚਲਦੇ ਸਥਾਨਕ ਲੋਕਾਂ ਵਿਚ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਅੱਜ ਜੰਮੂ ਦੇ ਬਾੜੀ ਬ੍ਰਾਹਮਣਾ ਇਲਾਕੇ ਤੋਂ ਉੱਤਰ ਕਸ਼ਮੀਰ ਦੇ ਸੋਪੋਰ  ਜਾ ਰਿਹਾ ਇਕ ਟਰੱਕ ਜਦੋਂ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ  ਉਧਮਪੁਰ ਜ਼ਿਲ੍ਹੇ ਦੇ ਟੇਕਰੀ ਕੋਲ ਪਹੁੰਚਿਆ ਤਾਂ ਟਰੱਕ 'ਚ ਅਚਾਨਕ ਅੱਗ ਲੱਗ ਗਈ ਜਿਸ ਦੇ ਚਲਦੇ ਟਰੱਕ 'ਚ ਲੱਦੇ 300 ਤੋਂ ਵੱਧ ਐਲ.ਪੀ.ਜੀ ਸਿਲੰਡਰ ਇਕ ਤੋਂ ਬਾਅਦ ਇਕ ਫਟਣੇ ਸ਼ੁਰੂ ਹੋ ਗਏ।

ਪੁਲਿਸ ਅਧਿਕਾਰੀ ਨੇ ਦਸਿਆ ਕਿ ਟੇਕਰੀ ਇਲਾਕੇ ਵਿਚ ਸਥਿਤ ਇਕ ਮੰਦਰ ਦੇ ਨਜ਼ਦੀਕ ਹੋਏ ਇਸ ਹਾਦਸੇ ਵਿਚ ਚਾਰ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਦਸਿਆ ਕਿ ਘਟਨਾ ਦੇ ਟੇਕਰੀ ਖੇਤਰ ਵਿਚ ਹਫ਼ੜਾ-ਦਫ਼ੜੀ ਮੱਚਣ ਤੋਂ ਬਾਅਦ ਰਾਜ ਮਾਰਗ 'ਤੇ ਵਾਹਨ ਦੀ ਆਵਾਜਾਈ ਅਸਥਾਈ ਤੌਰ 'ਤੇ ਰੋਕ ਦਿਤੀ ਗਈ ਸੀ ਪਰ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਦਸਿਆ ਕਿ ਟਰੱਕ ਦਾ ਡਰਾਈਵਰ ਉਜਲ ਸਿੰਘ ਵੀ ਜ਼ਖ਼ਮੀ ਹੋ ਗਿਆ। ਸੂਤਰਾਂ ਅਨੁਸਾਰ ਧਮਾਕਿਆਂ ਕਾਰਨ ਟਰੱਕ ਤੋਂ ਕਈ ਸਿਲੰਡਰ 100 ਫ਼ੁੱਟ ਦੂਰ ਜਾ ਕੇ ਡਿੱਗੇ।

ਸੀਨੀਅਰ ਸੁਪਰਡੈਂਟ ਪੁਲਿਸ ਉਧਮਪੁਰ ਰਾਜੀਵ ਪਾਂਡੇ ਨੇ ਦਸਿਆ ਕਿ ਟਰੱਕ ਹਾਈਵੇ ਸਾਈਡ 'ਤੇ ਖੜ੍ਹਾ ਸੀ ਜਦੋਂ ਇਸ ਨੂੰ ਅੱਗ ਲੱਗੀ ਅਤੇ ਸਾਰੇ ਸਿਲੰਡਰ ਫਟਣ ਲੱਗੇ। ਐਸਐਸਪੀ ਨੇ ਅੱਗੇ ਦਸਿਆ ਕਿ ਹਾਈਵੇਅ 'ਤੇ ਵਾਹਨਾਂ ਦੀ ਆਵਾਜਾਈ ਨੂੰ ਵੀ ਅਸਥਾਈ ਤੌਰ 'ਤੇ ਮੁਅੱਤਲ ਕਰ ਦਿਤਾ ਗਿਆ ਸੀ ਪਰ ਜਲਦੀ ਹੀ ਬਹਾਲ ਕਰ ਦਿਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿਤੀ ਹੈ।