ਭਾਰਤ 'ਚ ਕੋਰੋਨਾ ਵਾਇਰਸ ਦੇ ਰੀਕਾਰਡ 7466 ਨਵੇਂ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਭਾਵਤ ਦੇਸ਼ਾਂ ਦੀ ਲੜੀ 'ਚ 9ਵੇਂ ਸਥਾਨ 'ਤੇ ਪੁੱਜਾ, ਤੁਰਕੀ ਨੂੰ ਛਡਿਆ ਪਿੱਛੇ

File Photo

ਨਵੀਂ ਦਿੱਲੀ, 29 ਮਈ: ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 1,65,799 ਹੋ ਗਏ ਹਨ ਅਤੇ ਭਾਰਤ ਕੌਮਾਂਤਰੀ ਮਹਾਂਮਾਰੀ ਕੋਰੋਨਾ ਵਾਇਰਸ ਤੋਂ ਸੱਭ ਤੋਂ ਪ੍ਰਭਾਵਤ ਦੇਸ਼ਾਂ ਦੀ ਸੂਚੀ 'ਚ 9ਵੇਂ ਸਥਾਨ 'ਤੇ ਪੁੱਜ ਗਿਆ ਹੈ। ਭਾਰਤ 'ਚ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਚੀਨ ਤੋਂ ਜ਼ਿਆਦਾ ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਵੀਰਵਾਰ ਨੂੰ ਸਵੇਰੇ ਅੱਠ ਵਜੇ ਤੋਂ ਹੁਣ ਤਕ ਇਸ ਛੂਤ ਦੇ ਰੋਗ ਨਾਲ 175 ਲੋਕਾਂ ਦੀ ਮੌਤ ਹੋ ਗਈ ਅਤੇ 7466 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਇਸ ਮਹਾਂਮਾਰੀ ਕਰ ਕੇ ਭਾਰਤ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4706 ਹੋ ਗਈ ਹੈ ਜਦਕਿ ਪੀੜਤਾਂ ਦੀ ਗਿਣਤੀ 1,65,799 'ਤੇ ਪੁੱਜ ਗਈ।

ਵਰਲਡੋਮੀਟਰ ਮੁਤਾਬਕ ਕੁੱਲ ਮਾਮਲਿਆਂ ਦੇ ਲਿਹਾਜ਼ ਨਾਲ ਭਾਰਤ 9ਵੇਂ ਸਥਾਨ 'ਤੇ ਆ ਗਿਆ ਹੈ ਜਿੱਥੇ ਪਹਿਲਾਂ ਤੁਰਕੀ ਸੀ। ਕੋਰੋਨਾ ਵਾਇਰਸ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਤ ਦੇਸ਼ ਹਨ - ਅਮਰੀਕਾ, ਬ੍ਰਾਜ਼ੀਲ, ਰੂਸ, ਬਰਤਾਨੀਆ, ਸਪੇਨ, ਇਟਲੀ, ਫ਼ਰਾਂਸ, ਜਰਮਨੀ ਅਤੇ ਭਾਰਤ। ਚੀਨ 'ਚ ਕੁਲ 84,106 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਹਨ ਅਤੇ 4638 ਲੋਕਾਂ ਦੀ ਇਸ ਮਹਾਂਮਾਰੀ ਨਾਲ ਮੌਤ ਹੋਈ ਹੈ। ਦੇਸ਼ 'ਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ 7 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਹੋਣ। ਵੈਸੇ ਦੇਸ਼ ਅੰਦਰ ਰੋਜ਼ਾਨਾ 6 ਹਜ਼ਾਰ ਨਵੇਂ ਮਾਮਲੇ ਆ ਰਹੇ ਸਨ।

ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਅੰਦਰ 89,987 ਲੋਕਾਂ ਦਾ ਇਲਾਜ ਚਲ ਰਿਹਾ ਹੈ, ਜਦਕਿ 71,105 ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਅਜੇ ਤਕ ਲਗਭਗ 42.89 ਫ਼ੀ ਸਦੀ ਮਰੀਜ਼ ਸਿਹਤਮੰਦ ਹੋ ਚੁਕੇ ਹਨ।'' ਵੀਰਵਾਰ ਸਵੇਰੇ ਤੋਂ ਆਏ ਮੌਤ ਦੇ 175 ਮਾਮਲਿਆਂ 'ਚ 85 ਮਹਾਰਾਸ਼ਟਰ 'ਚ, 22 ਗੁਜਰਾਤ 'ਚ, 15 ਉੱਤਰ ਪ੍ਰਦੇਸ਼ 'ਚ, 13 ਦਿੱਲੀ 'ਚ, 12 ਤਾਮਿਲਨਾਡੂ 'ਚ, ਅੱਠ ਮੱਧ ਪ੍ਰਦੇਸ਼ 'ਚ, ਸੱਤ ਰਾਜਸਕਾਨ 'ਚ, ਛੇ ਪਛਮੀ ਬੰਗਾਲ 'ਚ, ਚਾਰ ਤੇਲੰਗਾਨਾ 'ਚ ਅਤੇ ਮੌਤ ਦਾ ਇਕ-ਇਕ ਮਾਮਲਾ ਜੰਮੂ-ਕਸ਼ਮੀਰ, ਆਂਧਰ ਪ੍ਰਦੇਸ਼ ਅਤੇ ਹਰਿਆਣਾ ਤੋਂ ਹੈ।

ਦੇਸ਼ ਅੰਦਰ ਕੋਰੋਨਾ ਵਾਇਰਸ ਕਰ ਕੇ ਮੌਤ ਦੇ ਹੁਣ ਤਕ ਆਏ ਕੁਲ 4706 ਮਾਮਲਿਆਂ 'ਚੋਂ ਸੱਭ ਤੋਂ ਜ਼ਿਆਦਾ ਮਹਾਰਾਸ਼ਟਰ ਤੋਂ ਆਏ ਹਨ ਜਿਨ੍ਹਾਂ ਦੀ ਗਿਣਤੀ 1982 ਹੈ। ਇਸ ਤੋਂ ਬਾਅਦ ਗੁਜਰਾਤ 'ਚ 960, ਮੱਧ ਪ੍ਰਦੇਸ਼ 'ਚ 321, ਦਿੱਲੀ 'ਚ 316, ਪਛਮੀ ਬੰਗਾਲ 'ਚ 295, ਉੱਤਰ ਪ੍ਰਦੇਸ਼ 'ਚ 197, ਰਾਜਸਥਾਨ 'ਚ 180, ਤਾਮਿਲਨਾਡੂ 'ਚ 145, ਤੇਲੰਗਾਨਾ 'ਚ 67 ਅਤੇ ਆਂਧਰ ਪ੍ਰਦੇਸ਼ 'ਚ 59 ਮਾਮਲੇ ਆਏ ਹਨ। ਕਰਨਾਨਕ 'ਚ ਹੁਣ ਤਕ 47 ਲੋਕਾਂ ਦੀ ਕੋਰੋਨਾ ਵਾਇਰਸ ਕਰ ਕੇ ਮੌਤ ਹੋ ਚੁੱਕੀ ਹੈ, ਜਦਕਿ ਪੰਜਾਬ 'ਚ 40, ਜੰਮੂ-ਕਸ਼ਮੀਰ 'ਚ 27, ਹਰਿਆਣਾ 'ਚ 19, ਬਿਹਾਰ 'ਚ 15, ਉਡੀਸਾ ਅਤੇ ਕੇਰਲ 'ਚ ਸੱਤ-ਸੱਤ, ਹਿਮਾਚਲ ਪ੍ਰਦੇਸ਼ 'ਚ ਪੰਜ, ਝਾਰਖੰਡ, ਉੱਤਰਾਖੰਡ, ਚੰਡੀਗੜ੍ਹ ਅਤੇ ਆਸਾਮ 'ਚ ਚਾਰ-ਚਾਰ ਮਰੀਜ਼ਾਂ ਦੀ ਮੌਤ ਹੋਈ ਹੈ,

ਜਦਕਿ ਮੇਘਾਲਿਆ 'ਚ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।
ਮੰਤਰਾਲੇ ਦੀ ਰੀਪੋਰਟ ਅਨੁਸਾਰ ਮੌਤ ਦੇ 70 ਫ਼ੀ ਸਦੀ ਤੋਂ ਵੱਧ ਮਾਮਲਿਆਂ 'ਚ ਰੋਗੀਆਂ ਨੂੰ ਹੋਰ ਬਿਮਾਰੀਆਂ ਸਨ। ਸ਼ੁਕਰਵਾਰ ਸਵੇਰੇ ਸਿਹਤ ਮੰਤਰਾਲੇ ਦੇ ਅਪਡੇਟ ਅਨੁਸਾਰ ਦੇਸ਼ 'ਚ ਕੋਰੋਨਾ ਵਾਇਰਸ ਲਾਗ ਦੇ ਸੱਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ 'ਚੋਂ ਆਏ ਹਨ, ਜਿਨ੍ਹਾਂ ਦੀ ਗਿਣਤੀ 59,546 ਹੈ, ਜਿਸ ਤੋਂ ਬਾਅਦ ਤਾਮਿਲਨਾਡੂ 'ਚ 19,372, ਦਿੱਲੀ 'ਚ 16,281, ਗੁਜਰਾਤ 'ਚ 15,562, ਰਾਜਸਥਾਨ 'ਚ 8,067, ਮੱਧ ਪ੍ਰਦੇਸ਼ 'ਚ 7453 ਅਤੇ ਉੱਤਰ ਪ੍ਰਦੇਸ਼ 'ਚ 7170 ਮਾਮਲੇ ਆਏ ਹਨ।  (ਪੀਟੀਆਈ)