ਕੋਰੋਨਾ ਦੀ ਦੂਜੀ ਲਹਿਰ ਕਰ ਕੇ ਦਿੱਲੀ 'ਚ ਅਨਾਥ ਹੋਏ 32 ਬੱਚੇ

ਏਜੰਸੀ

ਖ਼ਬਰਾਂ, ਰਾਸ਼ਟਰੀ

10 ਅਜਿਹੇ ਬੱਚਿਆਂ ਦੀ ਵੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੇ ਇਸ ਬੀਮਾਰੀ ਕਾਰਨ ਆਪਣੇ ਮਾਤਾ-ਪਿਤਾ 'ਚੋਂ ਕਿਸੇ ਇਕ ਨੂੰ ਗੁਆਇਆ ਹੈ।

32 children orphaned in Delhi by second wave of corona

ਨਵੀਂ ਦਿੱਲੀ - ਦਿੱਲੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਕੋਰੋਨਾ ਮਹਾਮਾਰੀ ਦੌਰਾਨ ਰਾਸ਼ਟਰੀ ਰਾਜਧਾਨੀ 'ਚ ਅਨਾਥ ਹੋਏ 32 ਬੱਚਿਆਂ ਦੀ ਪਛਾਣ ਕੀਤੀ ਹੈ। ਕਮਿਸ਼ਨ ਦੇ ਮੁਖੀ ਅਨੁਰਾਗ ਕੁੰਡੂ ਨੇ ਦੱਸਿਆ ਕਿ 10 ਅਜਿਹੇ ਬੱਚਿਆਂ ਦੀ ਵੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੇ ਇਸ ਬੀਮਾਰੀ ਕਾਰਨ ਆਪਣੇ ਮਾਤਾ-ਪਿਤਾ 'ਚੋਂ ਕਿਸੇ ਇਕ ਨੂੰ ਗੁਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਸੰਕਟ ਦਾ ਸ਼ਿਕਾਰ ਹੋਏ ਬੱਚਿਆਂ ਦਾ ਪਤਾ ਲਗਾਉਣ ਲਈ ਇਸ ਮਹੀਨੇ ਦੀ ਸ਼ੁਰੂਆਤ 'ਚ ਇਕ ਸਰਵੇਖਣ ਸ਼ੁਰੂ ਕੀਤਾ ਗਿਆ ਸੀ।

ਕਮਿਸ਼ਨ ਦੀ ਮੈਂਬਰ ਰੰਜਨਾ ਪ੍ਰਸਾਦ ਨੇ ਕਿਹਾ,''16 ਬੱਚਿਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੇ ਦੂਜੀ ਲਹਿਰ ਦੌਰਾਨ ਆਪਣੇ ਮਾਤਾ-ਪਿਤਾ ਨੂੰ ਗੁਆਇਆ ਹੈ। ਅਸੀਂ ਉਨ੍ਹਾਂ ਬਾਰੇ ਪੁੱਛ-ਗਿੱਛ ਕਰ ਰਹੇ ਹਾਂ ਕਿ ਕੀ ਉਨ੍ਹਾਂ ਨੂੰ ਮੈਡੀਕਲ, ਰਾਸ਼ਨ, ਕਾਊਂਸਲਿੰਗ, ਟੀਕਾਕਰਨ ਆਦਿ ਦੀ ਜ਼ਰੂਰਤ ਹੈ।'' ਉਨ੍ਹਾਂ ਕਿਹਾ,''ਉਹ ਜੋ ਵੀ ਮਦਦ ਮੰਗ ਰਹੇ ਹਨ ਅਸੀਂ ਉਨ੍ਹਾਂ ਨੂੰ ਉਪਲੱਬਧ ਕਰਵਾ ਰਹੇ ਹਾਂ।'' ਪ੍ਰਸਾਦ ਨੇ ਕਿਹਾ ਕਿ ਘੱਟ ਉਮਰ ਦੇ ਬੱਚਿਆਂ ਦੇ ਵੇਰਵੇ ਉਨ੍ਹਾਂ ਦੇ ਨਜ਼ਦੀਕੀ ਆਂਗਣਵਾੜੀ ਕੇਂਦਰਾਂ ਨੂੰ ਸਾਂਝੇ ਕੀਤੇ ਜਾ ਰਹੇ ਹਨ। 

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 14 ਮਈ ਨੂੰ ਕਿਹਾ ਸੀ ਕਿ ਦਿੱਲੀ ਸਰਕਾਰ ਮਹਾਮਾਰੀ ਦੌਰਾਨ ਅਨਾਥ ਹੋਏ ਬੱਚਿਆਂ ਦੀ ਸਿੱਖਿਆ ਅਤੇ ਪਾਲਣ-ਪੋਸ਼ਣ ਦਾ ਖਰਚ ਉਠਾਵੇਗੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਅਜਿਹੇ ਬੱਚਿਆਂ ਨੂੰ ਹਰ ਮਹੀਨੇ ਢਾਈ ਹਜ਼ਾਰ ਰੁਪਏ ਦੇਣ ਦੀ ਵੀ ਯੋਜਨਾ ਬਣਾ ਰਹੀ ਹੈ ਅਤੇ ਜਲਦ ਹੀ ਇਸ ਸੰਬੰਧ 'ਚ ਇਕ ਪ੍ਰਸਤਾਵ ਮਨਜ਼ੂਰੀ ਲਈ ਕੈਬਨਿਟ ਦੇ ਸਾਹਮਣੇ ਰੱਖਿਆ ਜਾਵੇਗਾ। ਕੁਮਾਰ ਨੇ ਕਿਹਾ ਕਿ ਸਰਵੇਖਣ ਦੇ ਨਤੀਜਿਆਂ ਨੂੰ ਸਰਕਾਰ ਨਾਲ ਸਾਂਝਾ ਕੀਤਾ ਜਾਵੇਗਾ।