ਸੁਸ਼ੀਲ ਪਹਿਲਵਾਨ 'ਤੇ ਲੱਗਾ ਇਕ ਹੋਰ ਦੋਸ਼, ਰਾਸ਼ਨ ਵਪਾਰੀ ਨੇ ਕਿਹਾ- ਕੀਤੀ ਕੁੱਟਮਾਰ ਤੇ ਦਿੱਤੀ ਧਮਕੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਸ਼ੀਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਕੁੱਟਮਾਰ

File Photo

ਨਵੀਂ ਦਿੱਲੀ - ਪਹਿਲਵਾਨ ਸਾਗਰ ਧਨਖੜ ਦੇ ਕਤਲ ਦੇ ਦੋਸ਼ ਵਿਚ ਫਸੇ ਸੁਸ਼ੀਲ ਕੁਮਾਰ 'ਤੇ ਇਕ ਤੋਂ ਬਾਅਦ ਇਕ ਦੋਸ਼ ਲੱਗ ਰਿਹਾ ਹੈ। ਕਤਲ ਕੇਸ ਤੋਂ ਬਾਅਦ ਹੁਣ ਛਤਰਸਾਲ ਸਟੇਡੀਅਮ ਵਿਚ ਰਾਸ਼ਨ ਸਪਲਾਈ ਕਰਨ ਵਾਲੇ ਇਕ ਵਪਾਰੀ ਨੇ ਸੁਸ਼ੀਲ ਕੁਮਾਰ ਅਤੇ ਉਸ ਦੇ ਸਾਥੀਆਂ 'ਤੇ ਹਮਲਾ ਕਰਨ ਅਤੇ ਪੈਸੇ ਨਾ ਦੇਣ ਦਾ ਦੋਸ਼ ਲਗਾਇਆ ਹੈ।

ਇਕ ਨਿਊਜ਼ ਏਜੰਸੀ ਮੁਤਾਬਿਕ ਮਾਡਲ ਟਾਊਨ ਖੇਤਰ ਵਿੱਚ ਕਰਿਆਨੇ ਅਤੇ ਆਟਾ ਚੱਕੀ ਦੀ ਦੁਕਾਨ ਚਲਾਉਣ ਵਾਲੇ ਸਤੀਸ਼ ਗੋਇਲ ਦਾ ਦੋਸ਼ ਹੈ ਕਿ ਉਹ ਸੁਸ਼ੀਲ ਕੁਮਾਰ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਚੁੱਕੇ ਹਨ। ਸਤੀਸ਼ ਗੋਇਲ ਨੇ ਕਿਹਾ ਕਿ ਕੋਚ ਦੇ ਕਹਿਣ 'ਤੇ ਉਹ 18 ਸਾਲ ਤੋਂ ਸਟੇਡੀਅਮ ਵਿਚ ਰਾਸ਼ਨ ਪਹੁੰਚਾਉਂਦਾ ਸੀ। ਉਸ ਸਮੇਂ ਕੋਚ ਸਤਪਾਲ ਸੀ ਉਸ ਸਮੇਂ ਸਭ ਤੋਂ ਪਹਿਲਾਂ ਰਾਸ਼ਨ ਦੀ ਮੰਗ ਸ਼ੁਰੂ ਹੋਈ ਸੀ।

ਸਾਲ 2020 ਵਿਚ ਤਾਲਾਬੰਦੀ ਦੌਰਾਨ ਬੀਰੇਂਦਰ ਨਾਮ ਦੇ ਇਕ ਕੋਚ ਨੇ ਰਾਸ਼ਨ ਮੰਗਵਾਇਆ ਸੀ। ਬਾਅਦ ਵਿੱਚ ਉਸ ਦਾ ਤਬਾਦਲਾ ਕਰ ਦਿੱਤਾ ਗਿਆ। ਮੈਂ ਨਵੇਂ ਕੋਚ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਮੇਰਾ ਕੁੱਲ 4 ਲੱਖ ਰੁਪਏ ਤੋਂ ਵੱਧ ਦਾ ਬਕਾਇਆ ਸੀ। ਇੱਕ ਦਿਨ ਅਸ਼ੋਕ ਨਾਮ ਦੇ ਇੱਕ ਵਿਅਕਤੀ ਨੇ ਮੈਨੂੰ ਸਟੇਡੀਅਮ ਬੁਲਾਇਆ ਅਤੇ ਸਾਰਾ ਬਿਲ ਲੈ ਲਿਆ।

ਅਗਲੇ ਦਿਨ ਧਰਮ ਨਾਮ ਦੇ ਇੱਕ ਵਿਅਕਤੀ ਨੇ ਬੁਲਾਇਆ ਅਤੇ ਕਿਹਾ ਕਿ 'ਸਟੇਡੀਅਮ ਆ ਜਾ' ਸੁਸ਼ੀਲ ਪਹਿਲਵਾਨ ਨੇ ਬੁਲਾਇਆ ਹੈ। ਮੈਂ ਤੁਰੰਤ ਸਟੇਡੀਅਮ ਚਲਾ ਗਿਆ। ਸੁਸ਼ੀਲ ਕੁਮਾਰ ਉਥੇ ਦੂਜੇ ਪਹਿਲਵਾਨਾਂ ਨਾਲ ਬੈਠਾ ਸੀ। ਮੈਂ ਕਿਹਾ ਕਿ ਮੇਰੇ ਚਾਰ ਲੱਖ ਰੁਪਏ ਤੋਂ ਵੱਧ ਰੁਪਏ ਹਨ। ਜੇ ਮੈਨੂੰ ਪੈਸੇ ਨਹੀਂ ਮਿਲੇ, ਮੈਂ ਮਰ ਜਾਵਾਂਗਾ। ਸੁਸ਼ੀਲ ਨੇ ਕਿਹਾ,  'ਅੱਛਾ ਮਰ ਜਾਵੇਗਾ ਤਾਂ ਫਿਰ ਮਰ'।

ਇਸ ਤੋਂ ਬਾਅਦ ਸੁਸ਼ੀਲ ਨੇ ਮੈਨੂੰ 3-4 ਮਾਰੀਆਂ। ਇਸ ਤੋਂ ਬਾਅਦ ਉਸ ਨਾਲ ਮੌਜੂਦ ਪਹਿਲਵਾਨਾਂ ਨੇ ਮੈਨੂੰ ਕੁੱਟਿਆ। ਮੈਂ ਕਿਸੇ ਤਰ੍ਹਾਂ ਬਚ ਕੇ ਵਾਪਸ ਆਇਆ। ਇਕ ਹਫ਼ਤ ਘਰ ਵਿਚ ਹੀ ਰਿਹਾ। ਘਰੋਂ ਬਾਹਰ ਨਿਕਲਣ ਤੋਂ ਡਰ ਰਿਹਾ ਸੀ ਕਿ ਇਹ ਲੋਕ ਮੈਨੂੰ ਮਾਰ ਨਾ ਦੇਣ। ਮੈਂ ਇੱਕ ਆਮ ਵਿਅਕਤੀ ਹਾਂ, ਇਹਨਾਂ ਲੋਕਾਂ ਦਾ ਕੁੱਝ ਨਹੀਂ ਕਰ ਪਾਉਂਦਾ। 

ਸਤੀਸ਼ ਨੇ ਅੱਗੇ ਦੱਸਿਆ ਕਿ ਬਾਅਦ ਵਿਚ 8 ਸਤੰਬਰ 2020 ਨੂੰ ਮੈਂ ਪੁਲਿਸ ਨੂੰ ਸ਼ਿਕਾਇਤ ਕੀਤੀ। ਸੁਸ਼ੀਲ ਦਾ ਨਾਮ ਵੀ ਪੁਲਿਸ ਸ਼ਿਕਾਇਤ ਵਿਚ ਲਿਖਿਆ ਗਿਆ ਸੀ। ਉਸ ਸਮੇਂ ਕੋਈ ਜਾਂਚ ਨਹੀਂ ਹੋਈ ਸੀ, ਹੁਣ ਪੁਲਿਸ ਮੁਲਾਜ਼ਮਾਂ ਦੇ ਫੋਨ ਆ ਰਹੇ ਹਨ ਕਿ ਉਹ ਕਾਰਵਾਈ ਕਰਨਗੇ। ਸੁਸ਼ੀਲ ਦੇ ਸਾਥੀ ਅਜੈ ਨੇ ਤਾਲਾਬੰਦੀ ਵਿੱਚ ਰਾਸ਼ਨ ਵੰਡਣ ਲਈ ਮੇਰੇ ਕੋਲੋਂ ਰਾਸ਼ਨ ਲਿਆ ਤੇ ਅੱਜ ਤੱਕ ਉਸ ਦੇ ਪੈਸੇ ਨਹੀਂ ਦਿੱਤੇ।

ਬਾਅਦ ਵਿਚ, ਸਟੇਡੀਅਮ ਦੇ ਮੁੰਡਿਆਂ ਨੇ ਦੱਸਿਆ ਕਿ ਉਹਨਾਂ ਕੋਲੋਂ ਕੋਚ ਨੇ ਮੈਨੂੰ ਦੇਣ ਲਈ ਪੈਸੇ ਇਕੱਠੇ ਵੀ ਕੀਤੇ ਸਨ। ਵਪਾਰੀ ਦਾ ਕਹਿਣਾ ਹੈ ਕਿ ਸਟੇਡੀਅਮ ਵਿਚ ਵੱਡੀਆਂ-ਵੱਡੀਆਂ ਗੱਡੀਆਂ ਖੜ੍ਹੀਆਂ ਰਹਿੰਦੀਆਂ ਸਨ। ਉਹਨਾਂ ਨੂੰ ਕੀ ਪਤਾ ਸੀ ਕਿ ਗੁੰਡਾਗਰਦੀ ਚੱਲ ਰਹੀ ਹੈ। ਸਾਨੂੰ ਤਾਂ ਲੱਗਦਾ ਸੀ ਕਿ ਪਲੇਅਰ ਹਨ, ਖੇਡਦੇ ਹੋਣਗੇ ਤੇ ਗੱਡੀਆਂ ਵੀ ਖੇਡ ਕੇ ਹੀ ਲਿਆਂਦੀਆਂ ਹੋਣਗੀਆਂ।